1

Friday, May 4, 2012

ਧੂੰਦੇ ਦੀ ਪੇਸ਼ੀ ਨਾਲ ਕੰਬਿਆ ਅਖੌਤੀ ਜਾਗਰੂਕ ਪੰਥ

Categorized | Articles In Punjabi, Featured, Quick News

ਸਰਬਜੀਤ ਸਿੰਘ ਧੂੰਦਾ ਦੇ ਅਕਾਲ ਤਖਤ ਤੇ ਜਾਣ ਨਾਲ ਕੀ ਪਹਾੜ ਡਿੱਗਿਆ ਹੈ ਉਸਦੇ ਬਾਰੇ ਸੋਚਣ ਤੇ ਸਮਝਣ ਦੀ ਲੋੜ ਹੈ । ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਨੇ ਸੈਂਟਰਾਂ ਦੇ ਦੁਆਰਾ ਕੁਝ ਸਾਲਾਂ ਵਿੱਚ ਹੀ ਜੋ ਪ੍ਰਚਾਰ ਕੀਤਾ ਹੈ ਉਹ ਪਿੰਡਾਂ ਦੇ ਲੋਕ ਜਾਣਦੇ ਹਨ । ਜਿਹੜੇ ਪੁਜਾਰੀ ਸਿਸਟਮ ਨੇ ਸਿੱਖ ਪੰਥ ਨੁੰ ਆਪਣਾ ਨਾਗ ਵਲ ਪਾ ਰੱਖਿਆ ਹੈ ਉਸਨੂੰ ਗਲੋਂ ਲਾਹੁਣਾ ਏਨਾ ਸੌਖਾ ਨਹੀਂ ਜਿੰਨਾਂ ਅੱਜ ਦੇ ਜਾਗਰੂਕ ਸਿੱਖ ਸਮਝ ਰਹੇ ਹਨ। ਘਰੇ ਬਹਿਕੇ ਕੰਪਿਊਟਰ ਤੇ ਗੱਲਾਂ ਕਰਨੀਆਂ ਪੰਥ ਡੇਗਣੇ ਤੇ ਖੜੇ ਕਰਨੇ ਬੜੇ ਸੌਖੇ ਹਨ ਪਰ ਪਿੰਡਾਂ ਵਿੱਚ, ਗੁਰਦੁਵਾਰਿਆਂ ਵਿੱਚ ਵਿਚਰਨਾਂ ਸੌਖੀ ਗੱਲ ਨਹੀਂ। ਧੂੰਦੇ ਦੇ ਅਕਾਲ ਤਖਤ ਤੇ ਜਾਣ ਦੀ ਗੱਲ ਨੁੰ ਤਰੋੜ-ਮਰੋੜ ਕੇ ਤੇ ਹਊਆ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ। 25 ਤਰੀਕ ਨੂੰ ਹੋਈ ਇਸ ਸਾਰੀ ਕਾਰਵਾਈ ਨੂੰ ਜਾਗਰੂਕ ਕਹਾ ਰਹੇ ਸਿੱਖ ਅੱਗ ਦੀ ਖਿੱਦੋ ਵਾਂਗ ਰੋੜ ਰਹੇ ਹਨ ਤਾਂਕਿ ਬਚੇ ਖੁਚੇ ਵਿੱਚ ਵੀ ਅੱਗ ਲੱਗ ਜਾਵੇ। ਅਸਲ ਵਿੱਚ ਉਥੇ ਕੋਈ ਪਹਾੜ ਨਹੀਂ ਡਿੱਗਾ, ਪੰਜ ਜੱਫੇਮਾਰਾਂ ਤੋਂ ਬਿਨਾਂ ੳਥੇ ਹੋਰ ਵੀ ਬੰਦੇ ਹਾਜ਼ਰ ਸਨ, ਧੂੰਦੇ ਅਤੇ ਸਾਥੀਆਂ ਨਾਲ ਉਹ( ਜਫੇਮਾਰ) ਬੜੇ ਸਲੀਕੇ ਨਾਲ ਪੇਸ਼ ਆਏ, ਰਾਗੀਆਂ ਨੇ ਵੀ ਆਪਣੀ ਪੀਪਨੀ ਬਜਾਉਣ ਦੀ ਕੋਸ਼ਿਸ਼ ਕੀਤੀ । ਸੁਖਵਿੰਦਰ ਸਿੰਘ ਦਦੇਹਰ ਦੇ ਲਿਖੇ ਲੇਖ ਵੀ ਪੜਕੇ ਸੁਣਾਏ ਗਏ ਤੇ ਉਸਤੇ ਵੀ ਟੀਕਾ ਟਿੱਪਣੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸਨੇ ਬਾ-ਦਲੀਲ ਉਨਾਂ ਦੇ ਜਵਾਬ ਵੀ ਦਿੱਤੇ । ਧੂੰਦੇ ਨੇ ਆਪਣਾ ਸਪੱਸ਼ਟੀਕਰਨ ਜੋ ਉਸਨੇ ਪਹਿਲਾਂ ਵੀ ਭੇਜਿਆ ਸੀ ਉਹੀ ਫਿਰ ਦਿੱਤਾ ਹੈ ਤੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਉਸਨੇ ਕੋਈ ਮਾਫੀ ਨਹੀਂ ਮੰਗੀ ਭਾਵੇਂ ਪਰਮਜੀਤ ਲਾਲਸਾ (ਪਿੰਦਰਪਾਲ ਦਾ ਦਲਾਲ) ਨੇ ਬਾਹਰ ਆਕੇ ਸਭ ਤੋਂ ਪਹਿਲਾਂ ਮਾਫੀ ਮੰਗਣ ਦਾ ਝੂਠ ਬੋਲਿਆ ਹੈ । ਜਫੇਮਾਰ ਕੀ ਕਹਿੰਦੇ ਹਨ ਜਾਂ ਨਹੀਂ ਇਸਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਕਾਲ ਤਖਤ ਦਾ ਹਰ ਜਫੇਮਾਰ ਤਾਂ ਹੈ ਹੀ ਤਨਖਾਹਦਾਰ ਕਰਿੰਦਾ। ਪਰ ਧੂੰਦਾ ਵਲੋਂ ਉੱਥੇ ਜਾਣ ਦਾ ਕੀ ਕਾਰਨ ਹੈ ਉਸਨੁੰ ਅਕਲ ਦੀ ਐਨਕ ਲਾਕੇ ਵੇਖਣ ਦੀ ਲੋੜ ਹੈ, 21-22 ਤਰੀਕ ਨੁੰ ਅਮ੍ਰਿਤਸਰ ਨੇੜੇ ਇੱਕ ਸਮਾਗਮ ਹੋਣਾ ਸੀ ਪਰ ਧੂੰਦੇ ਤੇ ਅਕਾਲ ਤਖਤ ਦੇ ਇਸ ਵਿਵਾਦ ਕਾਰਨ ਪਿੰਡ ਦੇ ਬੰਦਿਆਂ ਨੇ ਪ੍ਰੋਗਰਾਮ ਬੰਦ ਕਰ ਦਿੱਤਾ। ਇੱਥੇ ਸਮਾਗਮ ਕਰਕੇ ਪੈਸੇ (ਡਾਲਰ) ਬਨਾਉਣ ਦੀ ਗੱਲ ਨਹੀਂ ਆਮ ਪੱਧਰ ਤੇ ਪਹੁੰਚਕੇ ਸਿੱਖੀ ਦਾ ਪ੍ਰਚਾਰ ਕਰਨ ਦੀ ਗੱਲ ਹੈ ਜੋ ਕਿ ਸਿਰਫ ਇਹ ਨੌਜਵਾਨ ਕਰ ਰਹੇ ਹਨ ਤੇ ਇਸੇ ਕਰਕੇ ਹੀ ਸਾਧ ਲਾਣੇ ਨੂੰ ਰੜਕ ਰਹੇ ਹਨ। ਆਮ ਸਿੱਖ ਜਿਸਤੇ ਅਸੀਂ ਸਾਰੇ ਹੀ ਪ੍ਰਚਾਰ ਕਰਨ ਦੀ ਗੱਲ ਕਰਦੇ ਹਾਂ ਉਹ ਅਕਾਲ ਤਖਤ ਦੇ ਨਾਂ ਤੋਂ ਡਰਦਾ ਹੈ ਭਾਵੇਂ ਉੱਥੇ ਕੋਈ ਵੀ ਬੈਠਾ ਹੋਵੇ ਤੇ ਐਸੇ ਮਾਹੌਲ ਵਿੱਚ ਵੀ ਜੇ ਇਹ ਨੌਜਵਾਨ ਵਿਚਰ ਰਹੇ ਹਨ ਤਾਂ ਕੋਈ ਸੌਖੀ ਗੱਲ ਨਹੀਂ ਹੈ। ਕੈਨੇਡਾ ਦੇ ਗੁਰਦੁਵਾਰੇ ਵੀ ਜਿੰਨਾਂ ਦੇ ਵਿੱਚ ਦੀ ਹੀ ਆਮ ਸਿੱਖ ਤੱਕ ਪਹੁੰਚਿਆ ਜਾ ਸਕਦਾ ਹੈ ਉਹ ਵੀ ਇਸ ਅਕਾਲ ਤਖਤ ਦੇ ਫਰਜ਼ੀ ਥਾਣੇ ਦੇ ਪ੍ਰਭਾਵ ਹਨ ਤੇ ਐਸੇ ਵਿੱਚ ਪ੍ਰਚਾਰ ਕਰਨ ਦੀ ਗੱਲ ਕਰਨੀ ਸੌਖੀ ਨਹੀਂ ਹੈ।

ਜਮੁਨਾ ਨਗਰ ਦੇ ਇੱਕ ਸਮਾਗਮ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਕੀਰਤਨ ਕਰਦੇ ਹੋਏ ‘ਪੰਚਾਲੀ  ਦਰੋਪਦੀ ‘ ਦੀਆਂ ਉਦਾਹਰਨਾਂ ਦੇਕੇ ਪੰਜ ਜਥੇਦਾਰਾਂ ਤੋਂ ਖਹਿੜਾਂ ਛੁਡਵਾਉਣ ਦੀ ਗੱਲ ਕਹੀ, ਉਹਨਾਂ ਕਿਹਾ ਕਿ ਅੱਜ ਪੰਥ ਵਿੱਚ ਥਾਂ -ਥਾਂ ਪੰਚਾਲੀਆਂ ਪੈਦਾ ਹੋ ਰਹੀਆਂ ਹਨ , ਇਹ ਗੱਲ ਕਹਿਕੇ ਉਹਨਾਂ ਕਿਸ ਬਾਰੇ ਇਸ਼ਾਰਾ ਕੀਤਾ ਹੈ ਬੱਚਾ ਵੀ ਸਮਝ ਸਕਦਾ ਹੈ ,ਉਹਨਾਂ ਦਾ ਇਸ਼ਾਰਾ ਧੂੰਦੇ ਵੱਲ ਹੀ ਹੈ। ਪ੍ਰੋ: ਦਰਸ਼ਨ ਸਿੰਘ ਕੁਝ ਸਮੇਂ ਤੋਂ ਜਾਗਰੂਕਤਾ ਵਾਲੇ ਪਾਸੇ ਤੁਰੇ ਹਨ ਤੇ ਛੇਕੇ ਵੀ ਗਏ , ਉਹਨਾਂ ਦਾ ਕਹਿਣਾ ਹੈ ਕਿ ਸਿਰਫ ਇੱਕ ਅਕਾਲ ਤਖਤ ਤੇ ਜਾਣਾ ਚਾਹੀਦਾ ਹੈ ਪਰ ਜਦੋਂ ਉਹ ਆਪ ਗਏ ਸੀ ਤੇ ਜੇ ਅੱਗੇ ਜਫੇਮਾਰ ਅਕਾਲ ਤਖਤ ਤੇ ਹੀ ਹੁੰਦੇ ਤਾਂ ਉਥੇ ਵੀ ਤਾਂ ਪੰਜਾਂ ਦੇ ਨਾਲ ਹੀ ਗੱਲ ਕਰਨੀ ਸੀ। ਚਾਹੇ ਸਕੱਤਰੇਤ ਚਾਹੇ ਅਕਾਲ ਤਖਤ ਪੇਸ਼ ਤਾਂ ਫਿਰਵੀ ਪੰਚਾਲੀ ਨੇ ਪੰਜਾਂ ਸਾਹਮਣੇ ਹੀ ਹੋਣਾ ਹੈ । ਉਹਨੋਂ ਵੱਲੋਂ ਕੀਤੀ ਇਹ ਟਿਪਣੀ ਨੀਵੇਂ ਪੱਧਰ ਦੀ ਹੈ ਤੇ ਇਹਨਾਂ ਨੌਜਵਾਨਾਂ ਨਾਲ ਜ਼ਿਆਦਤੀ ਹੈ। ਜਦੋਂ ਉਹ ਤਖਤ ਦੇ ਜਥੇਦਾਰ ਸੀ ਤਾਂ ਵੀ ਤੇ ਪੰਜ -ਪੰਜ ਹੀ ਸਿੱਖਾਂ ਦੀਆ ਪੇਸ਼ੀਆਂ ਕਰਵਾਉਂਦੇ ਸਨ ਉਂਦੋ ਇੱਕ ਵਾਲਾ ਸਿਧਾਂਤ ਕਿੱਥੇ ਰਿਹਾ, ਜੋ ਉਂਦੋ ਪੰਚਾਲੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਤੇ ਕੀ ਉਹ ਪੰਚਾਲੀਆਂ ਗੁਰਮਤਿ ਅਨੁਸਾਰੀ ਸਨ।

ਇਤਿਹਾਸਕਾਰ ਹਰਜਿੰਦਰ ਸਿੰਘ ਜੀ ਦਿਲਗੀਰ ਨੇ ਵੀ ਪੂਰੀ ਮਨ ਦੀ ਭੜਾਸ ਕੱਢੀ , ਇਤਿਹਾਸਕਾਰ  ਜੀ ਨੇ ਸਭ ਤੋਂ ਪਹਿਲਾਂ ਆਪਣਾ ਫਤਵਾ ਕੱਢ ਮਾਰਿਆ। ਸਿੱਖ ਤਵਾਰੀਖ ਦੇ ਲਿਖਾਰੀ ਨੇ ਕਈ ਇਤਿਹਾਸਕ ਕੱਚੀਆਂ ਸਾਖੀਆਂ ਦਾ ਨਿਖੇੜਾ ਕੀਤਾ ਪਰ ਉੱਥੇ  ਚਾਰੇ ਜਨਮ ਸਾਖੀਆਂ ਵਿੱਚ ਗੁਰੂ ਨਾਨਕ ਦੀ ਜਨਮ ਤਰੀਕ ਵਿਸਾਖ ਨੂੰ ਖਿੱਚ ਧੂਹ ਕੱਤਕ ਬਨਾਉਣ ਦਾ ਜ਼ੋਰ ਲਾ ਰਹੇ ਹਨ। ਮੈੰਨ ਇੰਨਾਂ ਦੀ ਇੰਟਰਵਿਊ ਵੀ ਕੀਤੀ ਸੀ ਕੱਚੀਆਂ ਸਾਖੀਆਂ ਬਾਰੇ। ਦਲਗੀਰ ਜੀ ਨੇ ਸਾਰੇ ਪੰਥ ਦਾ ਨਕਾਰਿਆ ਬਾਲਾ ਵੀ ਤੋੜ ਮਰੋੜਕੇ ਗੁਰੂ ਨਾਨਕ ਦਾ ਸਾਥੀ ਬਣਾ ਮਾਰਿਆ।  ਸ਼ਹਿਬਜ਼ਾਦਾ ਅਜੀਤ ਸਿੰਘ ਦਾ ਵਿਆਹ ਕਰਵਾਕੇ ਉਨਾਂ ਦੇ ਘਰ ਪੁੱਤਰ ਹਠੀ ਅਜੀਤ ਸਿੰਘ ਵੀ ਜਮਾ ਧਰਿਆ। ਗੁਰੂ ਸਾਹਿਬਾਨ ਦੇ ਤਿੰਨ-ਤਿੰਨ ਵਿਆਹ ਕਰਾਕੇ ਇਹ ਕੀ ਸਾਬਿਤਾ ਕਰਨਾ ਚਾਹੁੰਦੇ ਹਨ ਤੇ ਬਹਾਨਾ ਵੀ ਘੜਦੇ ਹਨ ਕਿ ਗੁਰੂ ਜੀ ਦੀ ਪਹਿਲੀ ਪਤਨੀ ਤੰਦਰੁਸਤ ਨਹੀਂ ਰਹਿੰਦੀ ਸੀ ਤਾਂ ਦੂਜਾ ਵਿਆਹ ਕਰਵਾਉਂਦੇ ਸਨ । ਕੀ ਸਾਡੇ ਗੁਰੂ ਸਾਹਿਬ ਆਪਣੇ ਜੀਵਨ ਸਾਥੀ ਨੂੰ ਬਿਮਾਰ ਹੋਣ ਤੇ ਨਕਾਰ ਦਿੰਦੇ ਸਨ , ਕਿੱਡੀ ਨੀਵੀਂ ਮਾਨਸਿਕਤਾ ਹੈ। ਆਮ ਬੰਦਾ ਵੀ ਛੇਤੀ ਕੀਤੇ ਆਪਣੇ ਜੀਵਨ ਸਾਥੀ ਦਾ ਬਿਮਾਰੀ ਵਿੱਚ ਸਾਥ ਨਹੀਂ ਛੱਡਦਾ ਪਰ ਇਹਨਾਂ ਇਹ ਕੰਮ ਗੁਰੂ ਸਾਹਿਬ ਜੀ ਤੋਂ ਕਰਵਾ ਦਿੱਤਾ ਹੈ। ਇਹਨਾਂ ਨੂੰ ਚਹੀਦਾ ਹੈ ਕਿ ਆਪਣੇ ਖੇਤਰ ਵਿੱਚ ਹੀ ਰਹਿਣ ਇਹਨਾਂ ਦੇ ਕਹਿਣ ਨਾਲ ਧੁੰਦੇ ਜਾਂ ਹੋਰ ਕਿਸੇ ਪ੍ਰਚਾਰਕ ਨੂੰ ਸੁਨਣੋ ਲੋਕ ਨਹੀਂ ਹਟਣ ਲੱਗੇ। ਹੋਰ ਵੀ ਕਈ ਸ਼ੁਭ ਚਿੰਤਕਾਂ ਨੇ ਮੇਰਾ ਲੇਖ ‘ਧੂੰਦਾ ਧੂੰਦਾ ਕਰਦੀ ਨੀ ਮੇਂ ਆਪੇ ਧੂੰਦਾ ਹੋਈ’ ਤੇ ਪਟਕਥਾ ਲਿਖਕੇ ਆਪਣੀ ਸੋਚ ਦਾ ਦਿਵਾਲਾ ਕੱਢਿਆ ਹੈ, ਇਹਨਾਂ ਲੋਕਾਂ ਦੀਆਂ ਮਮਿਕਰੀਆਂ ਕਰਕੇ ਪ੍ਰਚਾਰਕਾਂ ਨੁੰ ਕੋਈ ਫਰਕ ਨਹੀਂ ਪੈਣ ਲੱਗਿਆ। ਕੈਨੇਡਾ ਵਿੱਚ ਸੰਗਤ  ਅੱਜ ਵੀ ਧੂੰਦੇ ਦੀ ਕਥਾ ਦੀਆਂ ਸੀਡੀਆਂ ਧੜਾ -ਧੜ ਮੰਗ ਰਹੀ ਹੈ, ਫੇਸਬੁੱਕ ਤੇ ਆਪਣੇ ਘਰੋਂ ਬੈਠੇ ਤੀਸ-ਮਾਰਕਾ ਸੱਜਣੋ ! ਤੁਹਾਡੇ ਕਹੇ ਕਿਲਾ ਨਹੀਂ ਢਹਿਣਾ ਕੋਈ ਸਿਆਣਪ ਕਰੋ, ਕਮਰੇ ਵਿੱਚ ਬਹਿਕੇ ਸਿਧਾਂਤ ਦੱਸਣ ਦੀ ਥਾਂ ਫੀਲਡ ਵਿੱਚ ਆਓ। ਕੋਈ ਧੂੰਦੇ ਨੂੰ ਕਲਾਕਾਰ ਦੱਸ ਰਿਹਾ ਹੈ , ਕੋਈ ਵਿਕ ਗਿਆ ਦੱਸ ਰਿਹਾ ਹੈ, ਕੋਈ ਥਿੜਕ ਗਿਆ ਕਹਿ ਰਿਹਾ ਹੈ। ਧੂੰਦੇ ਦੀ ਨਕਲ ਕਰਨ ਵਾਲੇ ਸਟੇਜੀ ਕਵੀਓ , ਦੇਰ ਕਿਉਂ ਹੈ ਲੱਗੋ ਅੱਗੇ ਕਰੋ ਪਰਚਾਰ ਤੇ ਧੂੰਦੇ ਦੀ ਥਾਂ ਤੇ ਆ ਜਾਓ ਤੇ ਜਗਾਓ ਸਿੱਖਾਂ ਨੂੰ। ਸੂਰਮਿਓ ਕਿਓ ਕੀ-ਬੋਰਡਾਂ ਨੂੰ ਘਸਾ ਰਹੇ ਹੋ, ਸਟੇਜਾਂ ਤੇ ਆਓ , ਪਿੰਡਾਂ ਵਿੱਚ ਜਾਓ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ।

ਫੋਨ:- # 647 969 3132, 810 223 3648

No comments:

Post a Comment