ਏ ਮੇਰੀ ਮਾਂ
ਮੈਨੂੰ ਪਤਾ ਹੈ ਕਿ
ਤੂੰ ਮੈਨੂੰ ਜਨਮ ਦੇਣ ਵਾਲੀ ਜਨਣੀ ਹੈਂ
ਪਰ ਮੇਰੇ ਦਿਲ ਵਿੱਚ
ਬਹੁਤ ਸਾਰੇ ਸਵਾਲ ਉਠਦੇ ਹਨ ।
ਮਾਂ ਮੈਨੂੰ ਲਗਦਾ ਹੈ
ਕਿ ਮੈਂ ਜੀਉਂਦੇ ਜੀਅ ਅਰਥੀ ਤੇ ਬੈਠੀ ਹਾਂ
ਤੇ ਮੇਰੇ ਅਰਮਾਨ
ਜਿਸ ਵਿੱਚ ਸੜ ਕੇ ਸੁਆਹ ਹੋ ਗਏ ਹਨ ।
ਮੈਨੂੰ ਪਤਾ ਹੈ ਕਿ ਤੈਨੂੰ
ਪੁਤਰਾਂ ਦਾ ਬਹੁਤ ਮੋਹ ਆਉਂਦਾ
ਪਰ ਮੈਂ ਵੀ ਤੇਰੀ ਢਿੱਡੋਂ ਜਾਈ ਹਾਂ
ਫੇਰ ਮੈਨੂੰ ਦੱਸ ਕਿ ਧੀਆਂ ਤੇ ਪੁੱਤਰਾਂ ਵਿੱਚ
ਐਨਾ ਫਰਕ ਕਿਉਂ ।
ਮੇਰਾ ਦਿਲ ਦਰਦ ਨਾਲ
ਕਰਾਹ ਉਠਦਾ ਹੈ
ਬੜੀ ਪੀੜ ਹੁੰਦੀ ਏਹ ਦੇਖ ਕੇ
ਕਿ ਮੈਂ ਤੇਰੇ ਪਿਆਰ ਤੋਂ ਵਾਂਝੀ ਹਾਂ ।
ਜਦੋਂ ਲੋਕ ਧੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ
ਕੁੱਖਾਂ ਵਿੱਚ ਮਾਰ ਦਿੰਦੇ ਨੇ
ਮੈਨੂੰ ਏਹ ਦੇਖ ਕੇ ਬਹੁਤ ਦੁੱਖ ਹੁੰਦਾ
ਪਰ ਮੈਂ ਹਮੇਸ਼ਾਂ ਆਪਣੇ ਆਪ ਨੂੰ
ਕੋਸਦੀ ਰਹਿੰਦੀ ਹਾਂ
ਕਿ ਕਾਸ਼ ਤੂੰ ਵੀ ਮੈਨੂੰ
ਜੰਮਣ ਤੋਂ ਪਹਿਲਾਂ ਹੀ ਮਾਰ ਦੇਂਦੀ ।
ਮਾਂ ਜੇ ਤੂੰ ਧੀਆਂ ਪੁੱਤਰਾਂ ਚ
ਏਨਾ ਫਰਕ ਨਾ ਪਾਇਆ ਹੁੰਦਾ
ਮੈਂ ਵੀ ਤੇਰੀ ਇੱਕ ਲਾਇਕ ਧੀਅ ਹੁੰਦੀ
ਮੈਂ ਅੱਜਕੱਲ ਬਹੁਤ ਉਦਾਸ ਰਹਿੰਦੀ ਹਾਂ
ਕਈ ਵਾਰ ਮੇਰੇ ਅੱਥਰੂ ਰੋਕਿਆਂ ਨਹੀਂ ਰੁਕਦੇ
ਸ਼ਾਇਦ ਆਪਣੇ ਆਪ ਨੂੰ ਬਹੁਤ ਕੋਸਦੀ ਹਾਂ ।
ਮਾਂ ਸ਼ਾਇਦ ਤੈਨੂੰ ਏਹ ਸਭ ਸੁਣ ਕੇ
ਬਹੁਤ ਦੁੱਖ ਹੋਵੇ
ਪਰ ਕਿਤੇ ਨਾ ਕਿਤੇ
ਮੇਰੇ ਨਾਲ ਬਹੁਤ ਵੱਡਾ ਧੱਕਾ ਹੋਇਆ
ਸ਼ਾਇਦ ਤੁੰ ਵੀ ਇਸ ਵਿੱਚ
ਕਸੂਰਵਾਰ ਹੈਂ ।
ਮੇਰੀ ਜ਼ਿੰਦਗੀ ਦੇ ਲੰਘੇ ਹੋਏ
ਇਹ ਸਾਲ ਕਦੇ ਮੁੜਕੇ ਨਹੀਂ ਆਉਣੇ
ਮੈਂ ਅੱਜ ਵੀ ਸੁਪਨਿਆਂ ਚ
ਆਪਣਾ ਉਹ ਪੁਰਾਣਾ ਘਰ ਦੇਖਦੀ ਹਾਂ
ਜਿੱਥੇ ਮੇਰੀਆਂ ਬਚਪਨ ਦੀਆਂ ਯਾਦਾਂ
ਦਬ ਕੇ ਰਹਿ ਗਈਆਂ
ਤੇ ਸ਼ਾਇਦ ਮੈਂ ਮੁੜ ਕਦੇ
ਓਥੇ ਨਾ ਜਾਵਾਂ ।
ਮਾਂ ਤੂੰ ਮੇਰਾ ਯਕੀਨ
ਐਸਾ ਤੋੜ ਦਿੱਤਾ
ਕਿ ਹੁਣ ਮੈਨੂੰ ਕਿਸੇ ਤੇ ਵੀ
ਯਕੀਨ ਕਰਨਾ ਬਹੁਤ ਔਖਾ ਲਗਦਾ
ਇੱਕ ਖਾਲੀਪਨ ਹਮੇਸ਼ਾਂ ਮੇਰੇ ਨਾਲ ਰਹਿੰਦਾ
ਤੇ ਇੰਜ ਲੱਗਦਾ ਕਿ ਮੈਂ
ਇੱਕ ਜਿੰਦਾ ਲਾਸ਼ ਵਾਂਗ ਤੁਰੀ ਫਿਰਦੀ ਹਾਂ ।
ਮਾਂ ਮੇਰਾ ਮਕਸਦ
ਤੇਰਾ ਦਿਲ ਦੁਖਾਉਣ ਦਾ ਨਹੀਂ
ਮੈਂ ਬਸ ਇਹੀ ਚਾਹੁੰਦੀ ਹਾਂ
ਜਿਸ ਅੱਗ ਵਿੱਚ ਮੈਂ ਸੜ ਰਹੀ ਹਾਂ
ਉਸਦਾ ਅਹਿਸਾਸ ਤੈਨੂੰ ਵੀ ਹੋਵੇ ।
ਮਾਂ ਮੈਨੂੰ ਮਾਫ ਕਰ ਦੇਈਂ
ਤੇਰੀ ਉਹ ਧੀਅ
ਜੋ ਹਮੇਸ਼ਾਂ ਆਪਣੇ ਹੱਕ ਤੋਂ ਮਰਹੂਮ ਰਹੀ
ਤੇ ਜਿਸਨੂੰ ਤੂੰ ਕਦੇ ਗਲ ਨਾਲ ਨਹੀਂ ਲਾਇਆ ।
ਬਲਵੀਰ ਢਿੱਲੋਂ.........!!
No comments:
Post a Comment