(ਬਾਬਾ) ਰਾਮ ਸਿੰਘ ਤੇ ਕੂਕਾ ਲਹਿਰ ਦੀ ਅਸਲੀਅਤ (ਡਾ: ਹਰਜਿੰਦਰ ਸਿੰਘ ਦਿਲਗੀਰ)
ਰਾਮ
ਸਿੰਘ (1816-1885) ਕੰਵਰ ਨੌਨਿਹਾਲ ਸਿੰਘ (ਪੁੱਤਰ ਮਹਾਰਾਜਾ ਰਣਜੀਤ ਸਿੰਘ) ਦੀ ਫ਼ੌਜ
ਵਿਚ ਇਕ ਆਮ ਸਿਪਾਹੀ ਸੀ। ਉਹ ਦਸੰਬਰ 1845 ਵਿਚ ਮੁਦਕੀ ਦੀ ਲੜਾਈ ਵਿਚ ਅੰਗਰੇਜ਼ਾਂ ਦੇ
ਖਿ਼ਲਾਫ਼ ਲੜਿਆ ਸੀ। ਪਹਿਲੀ ਐਂਗਲੋ-ਸਿੱਖ ਲੜਾਈ ਦੇ ਖ਼ਤਮ ਹੋਣ ਮਗਰੋਂ ਉਸ ਨੂੰ ਹੋਰ
ਹਜ਼ਾਰਾਂ ਸਿਪਾਹੀਆਂ ਦੇ ਨਾਲ ਹੀ ਫ਼ੌਜ ’ਚੋਂ ਫਾਰਗ ਕਰ (ਕੱਢ) ਦਿਤਾ ਗਿਆ ਸੀ। ਨੌਕਰੀ
ਖ਼ਤਮ ਹੋਣ ਮਗਰੋਂ ਉਹ ਆਪਣੇ ਘਰ ਪਿੰਡ ਭੈਣੀ ਆ ਗਿਆ ਤੇ ਲੋਹੇ ਤੇ ਕਪੜੇ ਦੀ ਹੱਟੀ ਪਾ ਲਈ।
ਕੁਝ ਸਾਲ ਹੱਟੀ ਕਰਨ ਮਗਰੋਂ ਉਸ ਨੇ ਇਕ ਨਿੱਕਾ ਜਿਹਾ ਧਾਰਮਿਕ ਟੋਲਾ ਬਣਾ ਲਿਆ। ਦਰਅਸਲ
ਨੌਕਰੀ ਛੁੱਟ ਜਾਣ ਕਰ ਕੇ ਉਸ ਦੇ ਦਿਲ ਵਿਚ ਅੰਗਰੇਜ਼ਾਂ ਵਾਸਤੇ ਨਫ਼ਰਤ ਸੀ। ਉਹ ਨੌਕਰੀ
ਦੌਰਾਨ ਕਦੇ ਇਕ ਧਾਰਮਿਕ ਪ੍ਰਚਾਰਕ ਬਾਬਾ ਬਾਲਕ ਸਿੰਘ (1799-1862) ਨੂੰ ਮਿਲ ਚੁਕਾ ਸੀ
ਤੇ ਉਨ੍ਹਾਂ ਦੀ ਸਿਫ਼ਤ ਕਰਿਆ ਕਰਦਾ ਸੀ।
...
ਰਾਮ ਸਿੰਘ ਦੀ ਮੌਤ ਮਗਰੋਂ
ਉਸ ਦੇ ਚੇਲਿਆਂ ਨੇ ਉਸ ਨੂੰ ਬਾਲਕ ਸਿੰਘ ਦਾ ਵਾਰਸ ਵੀ ਦਸਣਾ ਸ਼ੁਰੂ ਕਰ ਦਿੱਤਾ। ਬਾਲਕ
ਸਿੰਘ ਨੇ ਕਦੇ ਕੋਈ ਗਰੁੱਪ ਜਾਂ ਡੇਰਾ ਨਹੀਂ ਬਣਾਇਆ ਸੀ ਤੇ ਇਸ ਕਰ ਕੇ ਆਪਣਾ ਵਾਰਿਸ
ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਂਞ ਬਾਲਕ ਸਿੰਘ ‘ਅਭਿਆਸੀ’ ਦੇ ਤੌਰ ’ਤੇ
ਜਾਣਿਆ ਜਾਂਦਾ ਸੀ ਨਾ ਕਿ ‘ਨਾਮਧਾਰੀ’ ਵਜੋਂ।ਜਦੋਂ ਰਾਮ ਸਿੰਘ ਨੇ ਧਾਰਮਿਕ ਟੋਲਾ ਬਣਾਇਆ
ਤਾਂ ਇਸ ਨਾਲ ਸਬੰਧਤ ਭੈਣੀ ਪਿੰਡ ਦੇ ਕੁਝ ਲੋਕ ਇਕੱਠੇ ਹੋ ਕੇ ਗੁਰਬਾਣੀ ਦਾ ਕੀਰਤਨ ਕਰਿਆ
ਕਰਦੇ ਸਨ। ਇਨ੍ਹਾਂ ਇਕੱਠਾਂ ਵਿਚ ਭਾਵੇਂ ਰਾਮ ਸਿੰਘ ਕਦੇ-ਕਦੇ ਅੰਗਰੇਜ਼ਾਂ ਦੇ ਖ਼ਿਲਾਫ਼
ਵੀ ਬੋਲਿਆ ਕਰਦਾ ਸੀ ਪਰ ਉਹ ਸਰਕਾਰ ਦੇ ਖ਼ਿਲਾਫ਼ ਲਹਿਰ ਚਲਾਉਣ ਤੋਂ ਡਰਦਾ ਸੀ। ਉਸ ਨੇ
ਸਰਕਾਰ ਦੇ ਖ਼ਿਲਾਫ਼ ਗੁੱਸੇ ਨੂੰ ‘ਧਰਮ’ ਦੇ ਨਾਂ ’ਤੇ ਵਰਤਣ ਵਾਸਤੇ ਸਿੱਖ ਮਿਸ਼ਨਰੀ ਲਹਿਰ
ਚਲਾਈ। ਉਸ ਨੇ ਲੋਕਾਂ ਵਿਚ ਜ਼ਾਤ-ਪਾਤ ਛੱਡਣ, ਵਿਧਵਾ ਵਿਆਹ ਦੀ ਹਿਮਾਇਤ ਕਰਨ, ਸ਼ਰਾਬ ਤੇ
ਹੋਰ ਨਸ਼ਿਆਂ ਨੂੰ ਨਾ ਵਰਤਣ, ਸਮਾਧਾਂ ਨੂੰ ਨਾ ਮੰਨਣ ਵਗ਼ੈਰਾ ਵਾਸਤੇ ਪਰਚਾਰ ਕੀਤਾ।
(ਡਾਕੂਮੈਂਟਸ ਰਿਗਾਰਡਿੰਗ ਰਾਮ ਸਿੰਘ ਐਂਡ ਕੂਕਾਜ਼, ਨੰਬਰ 1, ਸਫ਼ਾ 4)।
...
ਹੌਲੀ-ਹੌਲੀ
ਚਾਰ-ਪੰਜ ਸੌ ਲੋਕ ਰਾਮ ਸਿੰਘ ਦੇ ਨਾਲ ਜੁੜ ਗਏ। ਹੁਣ ਉਸ ਨੇ ਤਵਾਰੀਖ਼ੀ ਗੁਰਦੁਆਰਿਆਂ ਦੀ
ਯਾਤਰਾ ਵਾਸਤੇ ਗਰੁੱਪ ਬਣਾ ਕੇ ਇਕ ਚੱਕਰ ਲਾਇਆ। ਇਸ ਜਥੇ ਨੂੰ ਵੇਖ ਕੇ ਰਸਤੇ ਦੇ ਪਿੰਡਾਂ
ਦੇ ਕੁਝ ਲੋਕ ਵੀ ਉਸ ਨਾਲ ਜੁੜ ਗਏ। ਪਰ ਇਨ੍ਹਾਂ ਦੀ ਕੁਲ ਗਿਣਤੀ ਕਦੇ ਵੀ ਇਕ ਹਜ਼ਾਰ ਤੋਂ
ਵਧ ਨਾ ਹੋ ਸਕੀ। ਇਸ ਦੌਰ ਵਿਚ ਅੰਗਰੇਜ਼ ਸਰਕਾਰ ਉਸ ’ਤੇ ਪੂਰੀ ਤਰ੍ਹਾਂ ਨਿਗਾਹ ਰੱਖ ਰਹੀ
ਸੀ। ਰਾਮ ਸਿੰਘ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਕਦੇ-ਕਦੇ ਸਿੱਖਾਂ ਦੇ ਰਾਜ ਦੇ ਮੁੜ
ਆਉਣ ਦੀਆਂ ਗੱਲਾਂ ਵੀ ਕਰਨ ਲਗ ਪਿਆ ਸੀ। ਪਹਿਲੀ ਜੂਨ 1863 ਦੇ ਦਿਨ ਪਿੰਡ ਖੋਟੇ
(ਜ਼ਿਲ੍ਹਾ ਫ਼ੀਰੋਜ਼ਪੁਰ) ਵਿਚ ਇਕ ਨਿੱਕੇ ਜਿਹੇ ਇਕੱਠ ਵਿਚ ਉਸ ਨੇ ਕਿਹਾ ‘ਜਦੋਂ ਸਵਾ ਲਖ
ਖਾਲਸਾ ਤਿਆਰ ਹੋ ਜਾਵੇਗਾ ਤਾਂ ਪੰਜਾਬ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾ ਲਿਆ ਜਾਵੇਗਾ।’
ਉਸ ਦੇ ਇਨ੍ਹਾਂ ਬੋਲਾਂ ਦੀ ਖ਼ਬਰ ਸਰਕਾਰ ਨੂੰ ਮਿਲ ਗਈ ਤੇ ਸਰਕਾਰ ਨੇ ਉਸ ਦੀ ਨਿਗਰਾਨੀ
ਕਰਨੀ ਸ਼ੁਰੂ ਕਰ ਦਿਤੀ। ਅਜੇ ਇਸ ਜੱਥੇ ਦਾ ਕੋਈ ਨਾਂ ਨਹੀਂ ਸੀ। ਕਿਉਂਕਿ ਉਹ ਕੀਰਤਨ ਕਰਨ
ਸਮੇਂ ਉੱਚੀ-ਉੱਚੀ ‘ਕੂਕਾਂ’ ਮਾਰਦੇ ਸਨ, ਇਸੇ ਕਰ ਕੇ ਲੋਕਾਂ ਉਨ੍ਹਾਂ ਨੂੰ ‘ਕੂਕੇ’ ਕਿਹਾ
ਕਰਦੇ ਸਨ। ਵੀਹਵੀਂ ਸਦੀ ਵਿਚ, ਇਕ ਸਾਜ਼ਿਸ਼ ਹੇਠ, ਉਹ ਆਪਣੇ ਆਪ ਨੂੰ ‘ਨਾਮਧਾਰੀ’ ਕਹਿਣ
ਲਗ ਪਏ।
...
ਕੂਕਿਆਂ ਨੇ ਸਮਾਧਾਂ ਢਾਹੀਆਂ: ਸਿੱਖ ਮਿਸ਼ਨਰੀ ਲਹਿਰ ਦੇ
ਹਿੱਸੇ ਵਜੋਂ ਰਾਮ ਸਿੰਘ ਨੇ ਆਪਣੇ ਚੇਲਿਆਂ ਨੂੰ ਸਮਾਧਾਂ ਬਣਾਉਣ ਦੇ ਖਿ਼ਲਾਫ਼ ਭੜਕਾਇਆ।
ਉਸ ਨੇ ਸਮਾਧ ਬਣਾਉਣਾ ਸਿੱਖੀ ਦੇ ਮੂਲੋਂ ਉਲਟ ਦੱਸਿਆ। ਉਨ੍ਹਾਂ ਨੇ ਬੁਤ-ਪ੍ਰਸਤੀ ਦੇ
ਖ਼ਿਲਾਫ਼ ਪਰਚਾਰ ਕੀਤਾ। ਉਸ ਦੇ ਅਜਿਹੇ ਬੋਲਾਂ ਦਾ ਅਸਰ ਕੁਝ ਤੱਤੇ ਨੌਜਵਾਨਾਂ ’ਤੇ ਹੋਇਆ
ਅਤੇ ਉਨ੍ਹਾਂ ਨੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਸਮਾਧਾਂ ਢਾਹੁਣੀਆਂ ਸ਼ੁਰੂ ਕਰ ਦਿਤੀਆਂ।
ਸਮਾਧਾਂ ਢਾਹੁਣ ਦੀ ਸਭ ਤੋਂ ਪਹਿਲਾ ਐਕਸ਼ਨ 7 ਜੁਲਾਈ 1866 ਦੇ ਦਿਨ ਲੁਧਿਆਣਾ ਵਿਚ ਹੋਇਆ।
ਪਹਿਲੀ ਸਤੰਬਰ 1866 ਦੇ ਦਿਨ ਕੂਕਿਆਂ ਨੇ ਫ਼ੀਰੋਜ਼ਪੁਰ ਵਿਚ ਕੁਝ ਸਮਾਧਾਂ ਢਾਹ
ਦਿੱਤੀਆਂ। ਇਹ ਕਾਰਵਾਈ 20 ਅਕਤੂਬਰ 1866 ਦੇ ਦਿਨ ਫ਼ੀਰੋਜ਼ਪੁਰ ’ਚ ਫਿਰ ਦੋਹਰਾਈ ਗਈ। 12
ਦਸੰਬਰ 1866 ਨੂੰ ਲੁਧਿਆਣੇ ਵਿਚ ਤੇ 5 ਜਨਵਰੀ 1867 ਨੂੰ ਸਿਆਲਕੋਟ ਵਿਚ ਵੀ ਕੁਝ
ਸਮਾਧਾਂ ਢਾਹੀਆਂ ਗਈਆਂ ਸਨ। ਹੁਸ਼ਿਆਰਪੁਰ ਵਿਚ ਕੁਝ ਕੂਕਿਆਂ ਨੇ ਹਿੰਦੂਆਂ ਦੇ ਮਨੋਕਲਪਿਤ
ਦੇਵੀ ਦੇਵਤਿਆਂ ਦੇ ਬੁੱਤ ਵੀ ਭੰਨ ਦਿੱਤੇ। ਇਨ੍ਹਾਂ ਵਿਚ ਇਕ ਗਾਂ ਦਾ ਬੁਤ ਵੀ ਸੀ।
ਕੂਕਿਆਂ ਦੇ ਇਸ ਐਕਸ਼ਨ ਨੇ ਹਿੰਦੂਆਂ ਵਿਚ ਗੁੱਸਾ ਭਰ ਦਿਤਾ ਤੇ ਉਹ ਇਸ ਕੂਕਾ-ਟੋਲੇ ਨੂੰ
ਹਿੰਦੂ-ਵਿਰੋਧੀ ਟੋਲਾ ਕਹਿਣ ਲਗ ਪਏ।
...
ਪਰ ਇਹ ਲੋਕ ਛੇਤੀ ਹੀ
ਬ੍ਰਿਟਿਸ਼ ਸਰਕਾਰ ਦੀਆਂ ਨਜ਼ਰਾਂ ਵਿਚ ਆ ਗਏ ਤੇ ਉਨ੍ਹਾਂ ਨੇ ਇਨ੍ਹਾਂ ਦੀਆਂ ਹਰਕਤਾਂ ਤੇ
ਕਾਨੂੰਨ ਤੋੜੇ ਜਾਣ ਦੀਆਂ ਕਾਰਵਾਈਆਂ ’ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਅੰਗਰੇਜ਼ਾਂ
ਨੇ 1863 ਦੇ ਅਖ਼ੀਰ ਵਿਚ ਰਾਮ ਸਿੰਘ ’ਤੇ ਨਿਗਰਾਨੀ ਵਧਾ ਦਿੱਤੀ ਤੇ ਉਸ ਨੂੰ ਪਿੰਡ ਵਿਚ
ਇਕ ਤਰ੍ਹਾਂ ਨਾਲ ਨਜ਼ਰਬੰਦ ਕਰ ਦਿਤਾ। ਹਣ ਉਸ ਨੂੰ ਕਿਤੇ ਵੀ ਜਾਣ ਤੋਂ ਪਹਿਲਾਂ ਪੁਲੀਸ ਦੀ
ਅਗਾਊਂ ਇਜਾਜ਼ਤ ਲੈਣੀ ਪੈਂਦੀ ਸੀ। ਇਸ ਮਗਰੋਂ ਉਹ ਬਹੁਤਾ ਸਮਾਂ ਭੈਣੀ ਪਿੰਡ ਵਿਚ ਹੀ
ਰਿਹਾ ਪਰ 1867 ਦੀ ਮਾਰਚ ਵਿਚ ਉਸ ਨੇ ਸਰਕਾਰ ਤੋਂ ਅਨੰਦਪੁਰ ਸਾਹਿਬ ਜਾਣ ਵਾਸਤੇ ਮਨਜ਼ੂਰੀ
ਲੈ ਲਈ। ਇਸ ਵੇਲੇ ਅਨੰਦਪੁਰ ਸਾਹਿਬ ਦੇ ਗੁਰਦੁਆਰਿਆਂ ’ਤੇ ਅਕਾਲੀਆਂ (ਨਿਹੰਗਾਂ) ਦਾ
ਕਬਜ਼ਾ ਸੀ। ਉਹ ਉੱਥੇ ਪੰਥਕ ਰਿਵਾਇਤਾਂ ਹੀ ਨਿਭਾਉਂਦੇ ਸਨ। ਉਹ ਆਪਣੇ ਆਪ ਨੂੰ ਆਜ਼ਾਦ ਕੌਮ
ਕਹਿੰਦੇ ਸਨ ਤੇ ਅੰਗਰੇਜ਼ੀ ਹਕੂਮਤ ਦੀ ਜ਼ਰਾ-ਮਾਸਾ ਵੀ ਪਰਵਾਹ ਨਹੀਂ ਕਰਦੇ ਸਨ।
ਅੰਗਰੇਜ਼ਾਂ ਵੱਲੋਂ ਰਾਮ ਸਿੰਘ ਨੂੰ ਅਨੰਦਪੁਰ ਸਾਹਿਬ ਜਾਣ ਦੀ ਇਜਾਜ਼ਤ ਦੇਣ ਪਿੱਛੇ ਇਕ
ਕਾਰਨ ਇਹ ਵੀ ਸੀ ਕਿ ਉਹ (ਅੰਗਰੇਜ਼) ਅਕਾਲੀਆਂ ਵਾਸਤੇ ਮਸਲੇ ਖੜ੍ਹੇ ਕਰਨੇ ਚਾਹੁੰਦੇ ਸਨ।
ਅਨੰਦਪੁਰ ਦੇ ਰਸਤੇ ਵਿਚ ਰਾਮ ਸਿੰਘ ਦੀ ਦੋ ਅਗਰੇਜ਼ ਅਫ਼ਸਰਾਂ, ਮੈਕ ਐਂਡਰਿਊ ਅਤੇ
ਪਰਕਿਨਸ, ਨਾਲ ਮੁਲਾਕਾਤ ਕਰਵਾਈ ਗਈ। ਇਸ ਮੌਕੇ ’ਤੇ ਫ਼ਜ਼ਲ ਹੁਸੈਨ ਨਾਂ ਦਾ ਇਕ ਪੁਲੀਸ
ਇੰਸਪੈਕਟਰ ਵੀ ਹਾਜ਼ਿਰ ਸੀ। ਇਸ ਮੀਟਿੰਗ ਮਗਰੋਂ ਅੰਗਰੇਜ਼ਾਂ ਨੇ ਰਾਮ ਸਿੰਘ ਦੀ ਨਜ਼ਰਬੰਦੀ
ਵੀ ਖ਼ਤਮ ਕਰ ਦਿਤੀ। ਇਸ ਦੇ ਨਾਲ ਹੀ ਸਰਕਾਰ ਨੇ ਆਪਣੇ ਕੁਝ ਸੂਹੀਏ ਉਸ ਦੇ ਚੇਲੇ ਬਣਾ ਕੇ
ਉਸ ਦੇ ਨਾਲ ਜੋੜ ਦਿਤੇ। ਉਂਞ ਇਸ ਮਗਰੋਂ ਰਾਮ ਸਿੰਘ ਨਾਲ ਨਵੇਂ ਲੋਕ ਸ਼ਾਮਿਲ ਨਹੀਂ ਹੋਏ
ਤੇ ਉਸ ਦੇ ਚੇਲਿਆਂ ਦੀ ਗਿਣਤੀ ਸਿਰਫ਼ ਕੁਝ ਸੈਂਕੜੇ ਤਕ ਹੀ ਮਹਿਦੂਦ ਰਹਿ ਗਈ।
...
ਫਰਵਰੀ
1869 ਵਿਚ ਕੂਕੇ ਰੁਪਾਣਾ (ਨੇੜੇ ਮੁਕਤਸਰ) ਵਿਚ ਇਕ ਇਕੱਠ ਕਰ ਰਹੇ ਸਨ। ਇਸ ਇਕੱਠ ਵਿਚ
ਪੁਲਿਸ ਦਾ ਡਿਪਟੀ ਸੁਪਰਡੈਂਟ ਦੀਵਾਨ ਬਖ਼ਸ਼ ਵੀ ਹਾਜ਼ਿਰ ਸੀ। ਜਦ ਉਸ ਨੇ ਇਕ ਬੁਲਾਰੇ ਦੀ
ਬੋਲੀ ’ਤੇ ਇਤਰਾਜ਼ ਕੀਤਾ ਤਾਂ ਕੁਝ ਕੂਕਿਆਂ ਨੇ ਉਸ ਦੀ ਤਲਵਾਰ ਖੋਹ ਲਈ ਅਤੇ ਉਸ ਦੀ
ਕੁੱਟ-ਮਾਰ ਵੀ ਕੀਤੀ। ਜਦ ਇਸ ਦੀ ਖ਼ਬਰ ਫ਼ੀਰੋਜ਼ਪੁਰ ਦੇ ਐਸ.ਪੀ. ਨੂੰ ਪੁੱਜੀ ਤਾਂ ਉਸ ਨੇ
ਪੁਲੀਸ ਫ਼ੋਰਸ ਭੇਜ ਦਿਤੀ। ਪਹਿਲਾਂ ਤਾਂ ਕੂਕਿਆਂ ਨੇ ਪੁਲੀਸ ਦਾ ਵਿਰੋਧ ਕੀਤਾ ਪਰ ਅਖ਼ੀਰ
ਹਥਿਆਰ ਸੁੱਟ ਦਿੱਤੇ। ਪੁਲੀਸ ਨੇ 44 ਕੂਕਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਗਰੋਂ
ਫ਼ੀਰੋਜ਼ਪੁਰ ਪੁਲੀਸ ਨੇ ਕੂਕਿਆਂ ਦੀਆਂ ਕਾਰਵਾਈਆਂ ਬੰਦ ਕਰਵਾ ਦਿਤੀਆਂ। 1870 ਵਿਚ ਅਜਿਹਾ
ਇਕ ਹੁਕਮ ਕਸ਼ਮੀਰ ਸਰਕਾਰ ਨੇ ਵੀ ਜਾਰੀ ਕੀਤਾ।
...
ਕੂਕਿਆਂ ਨੇ ਬੁੱਚੜ
ਮਾਰੇ: ਅਪਰੈਲ 1870 ਵਿਚ ਕੁਝ ਕੂਕੇ ਬ੍ਰਾਹਮਣਾਂ ਦੇ ਅਸਰ ਹੇਠਾਂ ਆਉਣੇ ਸ਼ੁਰੂ ਗਏ।
ਕੂਕਿਆਂ ਵਿਚ ਸ਼ਾਮਿਲ ਹੋਏ ਵੈਸ਼ਨੋ (ਹਿੰਦੂ) ਧੜੇ ਨੇ ਛੇਤੀ ਹੀ ਪ੍ਰਚਾਰ ਵੀ ਸ਼ੁਰੂ ਕਰ
ਦਿਤਾ। ਸਮਾਧਾਂ ਢਾਹੁਣ ਨਾਲ ਨਾਰਾਜ਼ ਹੋਏ ਹਿੰਦੂਆਂ ਨੇ ਕੂਕਿਆਂ ਦਾ ਰਾਹ ਬਦਲਣ ਵਾਸਤੇ
ਉਨ੍ਹਾਂ ਨੂੰ ਵੈਸ਼ਨੂੰ ਧਰਮ ਨਾਲ ਜੋੜਨ ਵਾਸਤੇ ਇਕ ਨਵਾਂ ਪੈਂਤੜਾ ਸ਼ੁਰੂ ਕੀਤਾ। ਉਨ੍ਹਾਂ
ਨੇ ਇਨ੍ਹਾਂ ਨੂੰ ਐਂਟੀ-ਮੁਸਲਮ ਲਹਿਰ ਵੱਲ ਟੋਰ ਦਿੱਤਾ। ਕੁਝ ਚਿਰ ਪਹਿਲਾਂ ਹੀ ਅੰਗਰੇਜ਼ਾਂ
ਨੇ ਅੰਮ੍ਰਿਤਸਰ ਵਿਚ ਇਕ ਬੁੱਚੜਖਾਨਾ ਖੋਲਿਆ ਸੀ, ਜਿੱਥੇ ਗਊਆਂ ਵੀ ਮਾਰੀਆਂ ਜਾਂਦੀਆਂ
ਸਨ। ਸਿੱਖ ਧਰਮ ਵਿਚ ਗਊ ਪਵਿੱਤਰ ਜਾਨਵਰ ਨਹੀਂ ਹੈ, ਇਸ ਕਰ ਕੇ ਇਸ ਨੂੰ ਮਾਰਨ ਜਾਂ ਨਾ
ਮਾਰਨ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ। ਪਰ ਚਾਲਾਕ ਬ੍ਰਾਹਮਣਾਂ ਨੇ ਕੂਕਿਆਂ ਨੂੰ ਇਸ
ਗਊ-ਰਖਿਅਕ ਐਂਟੀ-ਸਿੱਖ ਕਾਰਵਾਈ ਵਲ ਟੋਰ ਲਿਆ। ਬ੍ਰਾਹਮਣਾਂ ਨੇ ਕੂਕਿਆਂ ਨੂੰ ਫੁਸਲਾ ਕੇ
ਇਸ ਬੁੱਚੜ ਖਾਨੇ ਦੀ ਵਿਰੋਧਤਾ ਸ਼ੁਰੂ ਕਰਵਾ ਦਿਤੀ। ਇਸ ਭੜਕਾਹਟ ਹੇਠਾਂ ਕੁਝ ਕੂਕਿਆਂ ਨੇ
14 ਜੂਨ 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ’ਤੇ ਹਮਲਾ ਕਰ ਕੇ ਕੁਝ ਬੁੱਚੜ ਮਾਰ
ਦਿੱਤੇ। ਉਹ ਇਹ ਐਕਸ਼ਨ ਕਰ ਕੇ ਚੁਪਚਾਪ ਨਿਕਲ ਗਏ ਤੇ ਸਰਕਾਰ ਨੂੰ ਇਨ੍ਹਾਂ ਕਾਤਲਾਂ ਦੀ
ਸ਼ਨਾਖ਼ਤ ਵੀ ਨਾ ਹੋ ਸਕੀ।
...
ਇਸ ਮਗਰੋਂ 16 ਜੁਲਾਈ 1871 ਦੇ ਦਿਨ
ਕੂਕਿਆਂ ਨੇ ਰਾਏਕੋਟ ਵਿਚ ਇਕ ਬੁੱਚੜਖਾਨੇ ’ਤੇ ਹਮਲਾ ਕੀਤਾ ਅਤੇ ਕੁਝ ਬੇਗੁਨਾਹ ਬੁੱਚੜ
ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ,
ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ ਸਰਕਾਰੀ ਗਵਾਹ ਬਣ ਗਿਆ। ਉਸ ਨੇ
ਅੰਮ੍ਰਿਤਸਰ ਦੇ ਬੁੱਚੜਾਂ ਦੇ ਕਤਲਾਂ ਦੇ ਨਾਂ ਵੀ ਦਸ ਦਿਤੇ। ਇਨ੍ਹਾਂ ਸਾਰਿਆਂ ’ਤੇ
ਮੁਕਦਮਾ ਚਲਾਇਆ ਗਿਆ ਅਤੇ ਬੇਗੁਨਾਹ ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ
ਗਈ। ਇਸ ਮਗਰੋਂ ਕੂਕਿਆਂ ਦੀਆਂ ਕਾਰਵਾਈਆਂ ਇਕ ਵਾਰ ਫੇਰ ਰੁਕ ਗਈਆਂ।
...
ਜਨਵਰੀ
1872 ਵਿਚ ਰਾਮ ਸਿੰਘ ਨੇ ਕੂਕਿਆਂ ਨੂੰ ਭੈਣੀ ਸੱਦ ਕੇ ਮਾਘੀ ਦਾ ਦਿਨ ਮਨਾਉਣ ਵਾਸਤੇ
ਇਕੱਠ ਕੀਤਾ। ਇਸ ਪੰਜ-ਸੱਤ ਸੌ ਕੂਕਿਆਂ ਦੇ ਇਕੱਠ ਵਿਚ ਕੋਈ ਸਿਆਸੀ ਗੱਲ ਨਹੀਂ ਹੋਈ ਤੇ ਨਾ
ਹੀ ਗੁਰਬਾਣੀ ਕੀਰਤਨ ਤੋਂ ਸਿਵਾ ਕੁਝ ਹੋਰ ਹੋਇਆ। ਸਾਰਾ ਸਮਾਗਮ ਲੰਗਰ ਵਰਤਾਉਣ ਤਕ
ਅਮਲ-ਅਮਾਨ ਨਾਲ ਚਲਦਾ ਰਿਹਾ ਤੇ ਸ਼ਾਮ ਤੋਂ ਪਹਿਲਾਂ ਲੋਕ ਘਰਾਂ ਨੂੰ ਮੁੜਨ ਲਗ ਪਏ। ਮੁੜਦੇ
ਟੋਲਿਆਂ ਵਿਚੋਂ ਇਕ ਟੋਲੇ ਨੇ ਮਲੇਰਕੋਟਲੇ ਦੇ ਬੁੱਚੜਾਂ ਨੂੰ ਮਾਰਨ ਦੀ ਪਲਾਨ ਬਣਾਈ।
ਰਸਤੇ ਵਿਚ ਉਹ ਮਲੌਦ ਰੁਕੇ ਤੇ ਉੱਥੋਂ ਹਥਿਆਰ ਚੋਰੀ ਕੀਤੇ। ਇਸ ਮਗਰੋਂ ਉਨ੍ਹਾਂ ਨੇ 15
ਜਨਵਰੀ ਨੂੰ ਮਲੇਰਕੋਟਲਾ ਦੇ ਖ਼ਜ਼ਾਨੇ ’ਤੇ ਹਮਲਾ ਕੀਤਾ। ਇਸ ਮੌਕੇ ’ਤੇ ਉੱਥੇ ਤਾਈਨਾਤ
ਅਮਲੇ ਨੇ ਉਨ੍ਹਾਂ ਦਾ ਟਾਕਰਾ ਕੀਤਾ। ਇਸ ਲੜਾਈ ਵਿਚ ਪੁਲੀਸ ਤੇ ਕੂਕਿਆਂ ਦੋਹਾਂ ਦੇ ਕਾਫ਼ੀ
ਬੰਦੇ ਮਾਰੇ ਗਏ।
....
ਰਾਮ ਸਿੰਘ ਆਪ ਇਹੋ ਜਿਹੀਆਂ ਦਹਿਸ਼ਤਗਰਦੀ ਦੀਆਂ
ਕਾਰਵਾਈਆਂ ਦੇ ਖ਼ਿਲਾਫ਼ ਸੀ। ਉਸ ਨੇ ਤਾਂ ਅੰਗਰੇਜ਼ੀ ਪੁਲੀਸ ਨੂੰ ਵੀ ਇਸ ਦੀ ਇਤਲਾਹ
ਦਿੱਤੀ ਸੀ ਤੇ ਕਿਹਾ ਸੀ ਕਿ ਇਹੋ ਜਿਹੇ ਚੇਲੇ ਉਸ ਦੇ ਆਖੇ ਵਿਚ ਨਹੀਂ ਹਨ। ਰਾਮ ਸਿੰਘ ਗਾਂ
ਦੀ ਪੂਜਾ ਜਾਂ ਸਮਾਧਾਂ ਢਾਹੁਣ ਦਾ ਹਿਮਾਇਤੀ ਵੀ ਨਹੀਂ ਸੀ।
...
ਬੁੱਚੜਾਂ
ਦੇ ਕਾਤਲ ਕੂਕਿਆਂ ਨੂੰ ਸਜ਼ਾਵਾਂ: ਮਲੇਰਕੋਟਲਾ ਦੇ ਹਮਲੇ ਮਗਰੋਂ ਸਰਕਾਰ ਨੇ ਕੂਕਿਆਂ
ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿਤੀਆਂ। ਸਰਕਾਰ ਨੇ ਕੂਕਿਆਂ ਨਾਲ ਸਖ਼ਤੀ ਨਾਲ ਨਿਪਟਣ
ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਹੇਠ 49 ਕੂਕਿਆਂ ਨੂੰ ਮਲੇਰਕੋਟਲਾ ਵਿਚ ਤੋਪਾਂ ਅੱਗੇ
ਖੜ੍ਹੇ ਕਰ ਕੇ ਉਡਾ ਦਿਤਾ ਗਿਆ। ਅਗਲੇ ਦਿਨ 16 ਹੋਰ ਕੂਕਿਆਂ ਨੂੰ ਵੀ ਇਹੀ ਸਜ਼ਾ ਦਿਤੀ
ਗਈ।
...
ਰਾਮ ਸਿੰਘ ਦੀ ਗ੍ਰਿਫ਼ਤਾਰੀ: ਕੂਕਿਆਂ ਦੀਆਂ ਇਨ੍ਹਾਂ ਕਾਰਵਾਈਆਂ
ਨਾਲ ਰਾਮ ਸਿੰਘ ਦਾ ਕੋਈ ਸਬੰਧ ਨਹੀਂ ਸੀ। ਪਰ, ਕਿਉਂਕਿ ਇਹ ਹਰਕਤਾਂ ਕਰਨ ਵਾਲੇ ਉਸ ਦੇ
ਚੇਲੇ ਸਨ, ਇਸ ਕਰ ਕੇ ਅੱਗੇ ਹੋਰ ਐਕਸ਼ਨ ਰੋਕਣ ਵਾਸਤੇ ਅੰਗਰੇਜ਼ਾਂ ਨੇ ਰਾਮ ਸਿੰਘ ਨੂੰ ਵੀ
17 ਜਨਵਰੀ 1872 ਦੇ ਦਿਨ ਭੈਣੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ 1818 ਦੇ ਐਕਟ
ਤਿੰਨ ਹੇਠ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਲਾਹਾਬਾਦ ਭੇਜ ਦਿਤਾ ਗਿਆ ਤੇ ਮਗਰੋਂ ਰੰਗੂਨ
ਜਲਾਵਤਨ ਕਰ ਦਿੱਤਾ ਗਿਆ, ਜਿੱਥੇ ਉਹ 29 ਨਵੰਬਰ 1885 ਦੇ ਦਿਨ ਮਰ ਗਿਆ।
...
ਰਾਮ
ਸਿੰਘ ਦੀ ਲਹਿਰ ਉਦੋਂ ‘ਕੂਕਾ ਲਹਿਰ’ ਕਰ ਕੇ ਜਾਣੀ ਜਾਂਦੀ ਸੀ। ਰਾਮ ਸਿੰਘ ਬਾਬਾ ਬਾਲਕ
ਸਿੰਘ ਦਾ ਸ਼ਰਧਾਲੂ ਜ਼ਰੂਰ ਸੀ, ਪਰ ਇਹ ਕੋਈ ਗੱਦੀ ਨਹੀਂ ਸੀ। ਦੂਜਾ, ਬਾਲਕ ਸਿੰਘ ਦਾ
ਮਿਸ਼ਨ, ਜੋ ‘ਅਭਿਆਸੀ ਜੱਥਾ’ ਵਜੋਂ ਜਾਣਿਆ ਜਾਂਦਾ ਸੀ, ਪੂਰੀ ਤਰ੍ਹਾਂ ਭਗਤੀ ਦੀ ਲਹਿਰ
ਸੀ।
...
(ਉਸ ਨੂੰ ਯਾਰ੍ਹਵਾਂ ਗੁਰੂ ਕਹਿਣਾ ਉਸ ਨਾਲ ਵੀ ਜ਼ੁਲਮ ਹੈ। ਉਂਞ
ਕਮਾਲ ਹੈ ਕਿ ਸਿੱਖ ਮਹਾਰਾਜੇ ਵੀ ਆਪਣੇ ਯਾਰ੍ਹਵੇਂ ਗੁਰੂ ਨਾ ਪਛਾਣ ਨਾ ਸਕੇ!)। ਰਾਮ
ਸਿੰਘ ਬਾਲਕ ਸਿੰਘ ਦਾ ਪ੍ਰਸੰਸਕ ਜ਼ਰੂਰ ਸੀ ਪਰ ਚੇਲਾ ਨਹੀਂ ਸੀ। ਉਂਞ ਉਹ ਜਗਿਆਸੀ ਜਾਂ
ਭਗਤ ਵੀ ਨਹੀਂ ਸੀ ਬਲਕਿ ਸਿਰਫ਼ ਇਕ ਫ਼ੌਜੀ ਸੀ ਜਿਸ ਦਾ ਸੁਭਾਅ ਧਾਰਮਿਕ ਸੀ। ਨੌਕਰੀ ਤੋਂ
ਕੱਢੇ ਜਾਣ ਕਰ ਕੇ ਉਹ ਅੰਗ੍ਰੇਜ਼ਾਂ ਦੇ ਖ਼ਿਲਾਫ਼ ਸੀ। (ਵਿਚਾਰਾ ਇਹ ਬਾਰ੍ਹਵਾਂ ‘ਗੁਰੂ’
ਵੀ ਇਕ ਸਿੱਖ ਰਾਜੇ ਦੀ ਫ਼ੌਜ ਵਿਚ ਨੌਕਰ ਸੀ। ਰਾਜੇ ਆਪਣੇ ਬਾਰ੍ਹਵੇਂ ਗੁਰੂ ਨੂੰ ਪਛਾਣ ਨਾ
ਸਕੇ। ਵਰਨਾ ਸ਼ਾਇਦ ਉਹ ਉਸ ਨੂੰ ਫ਼ੌਜ ਦਾ ਮੁਖੀ ਹੀ ਬਣਾ ਦੇਂਦੇ। ਅੰਗ੍ਰੇਜ਼ਾਂ ਨੇ
ਸਿੱਖਾਂ ਦੇ ‘ਬਾਰ੍ਹਵੇਂ ਗੁਰੂ’ ਨੂੰ ਨੌਕਰੀ ਤੋਂ ਕੱਢ ਦਿੱਤਾ)। ਜਦ ਉਸ ਕੋਲ ਦੋ-ਤਿੰਨ ਸੌ
ਚੇਲੇ ਆ ਗਏ ਤਾਂ ਉਸ ਨੇ ‘ਆਗੂ’ ਹੋਣ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿਤਾ। ਇਸ ਦੇ
ਬਾਵਜੂਦ ਉਹ ਕੋਈ ਇਨਕਲਾਬੀ ਨਹੀਂ ਸੀ।
...
ਰਾਮ ਸਿੰਘ ਨੌਕਰੀ ’ਚੋਂ ਕੱਢੇ
ਜਾਣ ਕਾਰਨ, ਨਿਜੀ-ਰੋਸ ਦਾ ਭਰਿਆ ਪਰ ਧਾਰਮਿਕ ਤੇ ਸੁਧਾਰਕ ਸਰਗਰਮ ਸ਼ਖ਼ਸ਼ ਸੀ। ਉਸ ਦੇ
ਹੁੰਦਿਆਂ ਕੂਕਿਆਂ ਦੀ ਗਿਣਤੀ ਇਕ ਹਜ਼ਾਰ ਵੀ ਨਹੀਂ ਸੀ। ਉਸ ਦੇ ਗ੍ਰਿਫ਼ਤਾਰ ਹੋਣ ਮਗਰੋਂ
ਇਸ ਜੱਥੇ ਦਾ ਮਾਮੂਲੀ ਜਿੰਨਾ ਵਜੂਦ ਵੀ ਨਾ ਰਿਹਾ। ਉਸ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼
ਜ਼ਰਾ-ਮਾਸਾ ਵੀ ਹਮਦਰਦੀ ਦੀ ਆਵਾਜ਼ ਵੀ ਨਾ ਉੱਠੀ ਤੇ ਨਾ ਹੀ ਉਸ ਮਗਰੋਂ ਕੂਕਿਆਂ ਦੀ ਕੋਈ
ਕਾਰਵਾਈ ਹੋਈ। ਰਾਮ ਸਿੰਘ ਦਾ ਅਸਰ ਸਿਰਫ਼ ਭੈਣੀ ਤੇ ਲੁਧਿਆਣਾ ਦੇ ਕੁਝ ਇਲਾਕੇ,
ਮਲੇਰਕੋਟਲਾ ਰਿਆਸਤ ਦੇ ਇਕ-ਦੋ ਪਿੰਡਾਂ ਅਤੇ ਫ਼ੀਰੋਜ਼ਪੁਰ ਦੇ ਲੁਧਿਆਣਾ ਜ਼ਿਲ੍ਹੇ ਦੀ
ਸਰਹਦ ਨਾਲ ਲਗਦੇ ਦੋ-ਕੁ ਪਿੰਡਾਂ ਤਕ ਹੀ ਮਹਿਦੂਦ ਸੀ। 1872 ਵਿਚ ਰਾਮ ਸਿੰਘ ਦੀ
ਗ੍ਰਿਫ਼ਤਾਰੀ ਤੇ ਜਲਾਵਤਨੀ ਮਗਰੋਂ ਉੱਥੇ ਪੁਲੀਸ ਦੀ ਇਕ ਚੌਂਕੀ ਬਿਠਾ ਦਿਤੀ ਗਈ, ਜੋ ਛੇਤੀ
ਹੀ ਇਕ ਰਸਮੀ ਚੌਂਕੀ ਬਣ ਕੇ ਰਹਿ ਗਈ ਕਿਉਂਕਿ ਹੁਣ ਲੋਕ ਕੂਕਿਆਂ ਦੇ ਟੋਲੇ ਨੂੰ ਛੱਡ ਗਏ
ਸਨ ਤੇ ਕੋਈ ਕੂਕਾ ਉੱਥੇ ਨਹੀਂ ਸੀ ਆਉਂਦਾ।
...
ਕੂਕੇ ਨਾਮਧਾਰੀ ਕਿਵੇਂ
ਬਣੇ: ਰਾਮ ਸਿੰਘ ਦੀ ਮੌਤ (1885) ਤੋਂ ਕਾਫ਼ੀ ਚਿਰ ਮਗਰੋਂ ਤਕ ਵੀ ਇਸ ਜੱਥੇ ਦਾ ਨਾਂ
‘ਨਾਮਧਾਰੀ’ ਨਹੀਂ ਸੀ। ਇਹ ਕੋਈ ਲਹਿਰ ਨਹੀਂ ਸੀ। 1918 ਦੇ ਕਰੀਬ ਜਦੋਂ ਅਕਾਲੀ ਲਹਿਰ
ਸ਼ੁਰੂ ਹੋਈ ਅਤੇ 1920 ਵਿਚ ਜਦ ਗੁਰਦੁਆਰਾ ਸੁਧਾਰ ਵਾਸਤੇ ਸਰਗਰਮ ਕਾਰਵਾਈਆਂ ਸ਼ੁਰੂ
ਹੋਈਆਂ ਅਤੇ ਹਰ ਪਾਸਿਓਂ ਸਿੱਖ ਇਸ ਲਹਿਰ ਵਿਚ ਹਿੱਸਾ ਪਾਉਣ ਵਾਸਤੇ ਆਏ। ਉਸ ਵੇਲੇ
ਅੰਗਰੇਜ਼ ਹਾਕਮ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਦੇ ਨਾਲ ਸਨ।
...
ਪਹਿਲਾਂ-ਪਹਿਲਾਂ
‘ਸਨਾਤਨੀ ਸਿੱਖ’ ਦੇ ਲੇਬਲ ਹੇਠ ਗੁਰੂ ਸਾਹਿਬਾਨ ਦੇ ਵਾਰਿਸ (ਬੇਦੀ, ਤਰੇਹਨ, ਭੱਲੇ ਤੇ
ਸੋਢੀ) ਮਹੰਤਾਂ ਦੀ ਮਦਦ ਵਾਸਤੇ ਨਿੱਤਰੇ ਪਰ ਪੰਥਕ ਰੋਹ ਹੇਠ ਉਹ ਚੁਪ ਕਰ ਕੇ ਬੈਠ ਗਏ।
ਮਹੰਤਾਂ ਨੇ ਨਿਹੰਗਾਂ ਨੂੰ ਵੀ ਅਕਾਲੀ ਲਹਿਰ ਦੇ ਖ਼ਿਲਾਫ਼ ਵਰਤਣ ਦੀ ਕੋਸ਼ਿਸ਼ ਕੀਤੀ, ਪਰ
ਬਾਬਾ ਕਿਹਰ ਸਿੰਘ ਪੱਟੀ ਨਿਹੰਗ, ਅਕਾਲੀ ਦਲ ਦੇ ਨਾਲ ਰਿਹਾ, ਇਸ ਕਰ ਕੇ ਨਿਹੰਗਾਂ ਨੂੰ ਵੀ
ਮਹੰਤ ਜਾਂ ਅੰਗਰੇਜ਼ ਵਰਤ ਨਾ ਸਕੇ। ਇਸ ਮਗਰੋਂ ਉਨ੍ਹਾਂ ਨੇ ਕੂਕਾ ਰਾਮ ਸਿੰਘ ਦੇ ਭਰਾ
ਹਰੀ ਸਿੰਘ ਦੇ ਪਰਵਾਰ ਤਕ, ਭੈਣੀ ਵਿਚ ਪਹੁੰਚ ਕੀਤੀ। ਅੰਗਰੇਜ਼ਾਂ ਨੇ ਰਾਮ ਸਿੰਘ ਦੇ
ਭਤੀਜੇ ਪ੍ਰਤਾਪ ਸਿੰਘ (ਪੁੱਤਰ ਹਰੀ ਸਿੰਘ) ਨੂੰ ਪਹਿਲਾਂ ਤਾਂ ‘ਨਾਮਧਾਰੀ’ ਕਹਿ ਕੇ ਰਾਮ
ਸਿੰਘ ਦਾ ਵਾਰਿਸ ਬਣਾ ਕੇ ਪੇਸ਼ ਕੀਤਾ ਪਰ ਮਗਰੋਂ ਇਸ ਨੂੰ ਨਾਮਧਾਰੀ ‘ਫ਼ਿਰਕਾ’ ਕਹਿਣਾ
ਸ਼ੁਰੂ ਕਰ ਦਿੱਤਾ ਤੇ ਫਿਰ ਪ੍ਰਤਾਪ ਸਿੰਘ ਨੂੰ ‘ਤੇਰ੍ਹਵਾਂ ਗੁਰੂ’ ਬਣਾ ਕੇ ਸਿੱਖ ਧਰਮ ਦੇ
ਖ਼ਿਲਾਫ਼ ਲਹਿਰ ਵਜੋਂ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਅੰਗਰੇਜ਼ ਇਨ੍ਹਾਂ ਨੂੰ
ਆਪਣੀ ਮਰਜ਼ੀ ਨਾਲ ਵਰਤਣ ਵਿਚ ਕਾਮਯਾਬ ਹੋ ਗਏ ਤਾਂ ਉਨ੍ਹਾਂ ਨੇ 1922 ਵਿਚ ਭੈਣੀ ਪਿੰਡ
ਵਿਚੋਂ ਪੁਲੀਸ ਚੌਂਕੀ ਵੀ ਹਟਾ ਲਈ। ਹੁਣ ਰਾਮ ਸਿੰਘ ਦਾ ਭਤੀਜਾ ਪ੍ਰਤਾਪ ਸਿੰਘ
ਅੰਗਰੇਜ਼ਾਂ, ਤੇ ਖ਼ਾਸ ਕਰ ਕੇ ਈਸਾਈ ਮਿਸ਼ਨਰੀਆਂ, ਦੀਆਂ ਹਦਾਇਤਾਂ ਨਾਲ ਚਲਣ ਲਗ ਪਿਆ।
...
ਇਸ
ਟੋਲੇ ਨੇ ਰਾਮ ਸਿੰਘ ਨੂੰ ਬਾਰ੍ਹਵਾਂ ਗੁਰੂ (ਬਾਲਕ ਸਿੰਘ ਨੂੰ ਯ੍ਹਾਰਵਾਂ ਗੁਰੂ ਕਹਿ
ਕੇ) ਬਣਾਉਣ ਦੀ ਸਾਜ਼ਿਸ਼ ’ਤੇ ਅਮਲ ਸ਼ੁਰੂ ਕਰ ਦਿਤਾ। ਪ੍ਰਤਾਪ ਸਿੰਘ ਨੇ ਆਪਣੇ ਆਪ ਨੂੰ
ਤੇਰ੍ਹਵਾਂ ਗੁਰੂ ਕਹਿਣਾ ਸ਼ੁਰੂ ਕਰ ਦਿਤਾ। ਇਹ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਨੂੰ ਰੱਦ
ਕਰਨਾ ਸੀ। (ਇਨ੍ਹਾਂ ਨੇ ਰਾਮ ਸਿੰਘ ਦੇ ਭਰਾ ਵਿਚਾਰੇ ਹਰੀ ਸਿੰਘ ਨੂੰ ਤੇਰ੍ਹਵਾਂ ਗੁਰੁ
ਨਹੀਂ ਮੰਨਿਆ ਤੇ ਉਸ ਨੂੰ ਰੱਦ ਕਰ ਕੇ ਪ੍ਰਤਾਪ ਸਿੰਘ ਨੂੰ ਤੇਰ੍ਹਵਾਂ ਗੁਰੂ ਕਹਿਣਾ ਸ਼ੁਰੂ
ਕੀਤਾ)।ਪਹਿਲਾਂ-ਪਹਿਲ ਤਾਂ ਅਕਾਲੀ ਆਗੂ ਇਨ੍ਹਾਂ ਬਾਰੇ ਚੁਪ ਰਹੇ ਪਰ 1941 ਵਿਚ ਜਦੋਂ
ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਰਕੇ (ਪਤਰੇ) ਅਲਗ-ਅਲਗ ਕਰ ਕੇ ਇਕ-ਇਕ ਪਤਰੇ ਦਾ
ਪਾਠ ਕਰਨ ਦਾ ਕੁਫ਼ਰ ਕਰਨ ਦਾ ਐਲਾਨ ਕੀਤਾ ਤਾਂ ਸਿੱਖ ਆਗੂਆਂ ਨੇ ‘ਕੂਕਾ ਕੁਫ਼ਰ ਤੋੜ’
ਕਾਨਫ਼ਰੰਸਾਂ ਕਰ ਕੇ ਇਨ੍ਹਾਂ ਦੇ ਖ਼ਿਲਾਫ਼ ਕਦਮ ਚੁਕੇ (ਵੇਖੋ: ਵਿਸਾਖਾ ਸਿੰਘ ਦੀ ਕਿਤਾਬ
ਮਾਲਵਾ ਇਤਿਹਾਸ)। ਪਰ ਇਹ ਅਕਾਲੀ ਆਗੂਆਂ ਦੀ ਬੇਵਕੂਫ਼ੀ ਸੀ ਕਿ ਸਿੱਖ ਧਰਮ ਦੇ ਸ਼ਰੇਆਮ
ਉਲਟ ਹੋਣ ਦੇ ਬਾਵਜੂਦ ਇਨ੍ਹਾਂ ਨੂੰ ‘ਆਲ ਪਾਰਟੀਜ਼ ਸਿੱਖ ਕਾਨਫ਼ਰੰਸ’ ਵਿਚ ਸਿੱਖਾਂ ਦੇ
ਹਿੱਸੇ ਵਜੋਂ ਬੁਲਾਉਂਦੇ ਰਹੇ। ਇਹ ਕਾਰਵਾਈ 1946-47 ਤਕ ਵੀ ਕੀਤੀ ਜਾਂਦੀ ਰਹੀ ਸੀ।
...
ਕੂਕਿਆਂ
ਵੱਲੋਂ ਮਹੰਤਾਂ ਦੀ ਮਦਦ: ਨਾ ਤਾਂ ਰਾਮ ਸਿੰਘ ਖ਼ੁਦ ਨੂੰ ਗੁਰੂ ਮੰਨਦਾ ਸੀ ਤੇ ਨਾ ਹੀ
ਉਸ ਦੀ ਕੋਈ ਕਾਰਵਾਈ ਅਜਿਹੀ ਸੀ ਜਿਸ ਤੋਂ ਜ਼ਾਹਰ ਹੋਵੇ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ
ਗੁਰੂ ਨਹੀਂ ਸੀ ਮੰਨਦਾ। ਇਹ ਤਾਂ 1920 ਵਿਚ ਅੰਗਰੇਜ਼ਾਂ ਨੇ ਮਹੰਤਾਂ ਰਾਹੀਂ ਰਾਮ ਸਿੰਘ
ਦੇ ਭਤੀਜੇ ਨੂੰ ਨਾਮਧਾਰੀ ਦਾ ਦਰਜਾ ਦੇ ਕੇ ਗੁਰਦੁਆਰਾ ਸੁਧਾਰ ਲਹਿਰ ਦੇ ਖ਼ਿਲਾਫ਼ ਵਰਤਣ
ਵੇਲੇ ਰਾਮ ਸਿੰਘ ਦੇ ਭਤੀਜੇ ਤੋਂ ਗੁਰੂ-ਡੰਮ ਦਾ ਪ੍ਰਚਾਰ ਸ਼ੁਰੂ ਕਰਵਾਇਆ ਸੀ। ਅਕਾਲੀ
ਲਹਿਰ ਸ਼ੁਰੂ ਹੁੰਦਿਆਂ ਹੀ 1920 ਵਿਚ ਇਨ੍ਹਾਂ ਨੇ ਹਫ਼ਤਾਵਾਰ ਅਖ਼ਬਾਰ ‘ਸਤਜੁਗ’ ਤੇ ਫਿਰ
1922 ਵਿਚ ਰੋਜ਼ਾਨਾ ‘ਕੂਕਾ’ ਅਖ਼ਬਾਰ ਸ਼ੁਰੂ ਕੀਤਾ (ਨਾਮਧਾਰੀ ਨਾਂ ਅਜੇ ਵੀ ਨਹੀਂ
ਵਰਤਿਆ)। ਇਹ ਮਹੰਤ ਨਰੈਣੂ ਦੀਆਂ ਮੀਟਿੰਗਾਂ ਵਿਚ ਸ਼ਾਮਿਲ ਹੋ ਕੇ ਉਸ ਵਾਸਤੇ ਜਾਣ ਵਾਰਨ
ਦੀਆਂ ਕਸਮਾਂ ਖਾਂਦੇ ਰਹੇ (20 ਫ਼ਰਵਰੀ 1921 ਦੇ ਨਾਨਕਾਣਾ ਸਾਹਿਬ ਵਿਚ ਸਿੱਖਾਂ ਦੇ
ਕਤਲੇਆਮ ਵਿਚ ਮੰਗਲ ਸਿੰਘ ਕੂਕਾ ਵੀ ਸ਼ਾਮਿਲ ਸੀ)। ਕੂਕਿਆਂ ਦੀਆਂ ਅਖ਼ਬਾਰਾਂ ਵਿਚ ਪਹਿਲਾਂ
ਤਾਂ ਗੁਰੂਦਆਰਾ ਸੁਧਾਰ ਲਹਿਰ ਦੀ ਮੁਖ਼ਾਲਫ਼ਤ ਸ਼ੁਰੂ ਕੀਤੀ ਗਈ ਤੇ ਫਿਰ ਰਾਮ ਸਿੰਘ ਦੇ
ਭਤੀਜੇ ਪ੍ਰਤਾਪ ਨੂੰ ਗੁਰੂ ਬਣਾ ਕੇ ਪੇਸ਼ ਕੀਤਾ ਗਿਆ। ਇਹ ਤਾਂ ਦਰਬਾਰ ਸਾਹਿਬ ਆ ਕੇ
ਯਾਰ੍ਹਵੇਂ-ਬਾਰ੍ਹਵੇਂ ਗੁਰੂ ਦੀ ਅਰਦਾਸ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹੇ (ਵੇਖੋ: ਕਿਤਾਬ
ਸਿੱਖ ਤਵਾਰੀਖ਼, ਜਿਲਦ ਤੀਜੀ, ਦੇ ਸਫ਼ਾ 715 'ਤੇ ਵੇਖੋ: ਅਖ਼ਬਾਰ ਦੀ ਫ਼ੋਟੋ)।
...
ਨਾਮਧਾਰੀ
ਗੁਰੂ ਸਾਹਿਬਾਨ ਅਤੇ ਖੰਡੇ ਦੀ ਪਾਹੁਲ (ਅੰਮ੍ਰਿਤ) ਦੀ ਬੇਅਦਬੀ ਵੀ ਕਰਦੇ ਰਹੇ। (ਵੇਖੋ:
ਕਿਤਾਬ ਸਿੱਖ ਤਵਾਰੀਖ਼, ਜਿਲਦ ਤੀਜੀ, ਦੇ ਸਫ਼ਾ 716 'ਤੇ ਵੇਖੋ: ਅਖ਼ਬਾਰ ਦੀ
ਫ਼ੋਟੋ)।ਅੰਗਰੇਜ਼ਾਂ ਨੇ ਸਿੱਖੀ ਦੇ ਖ਼ਿਲਾਫ਼ ਇਸ ਵੱਡੀ ਹਰਕਤ ਦੇ ਈਨਾਮ ਵਜੋਂ ਭੈਣੀ ’ਚੋਂ
ਪੁਲੀਸ ਚੌਕੀ ਹਟਾ ਲਈ ਤੇ ਉਨ੍ਹਾਂ ਤੋਂ ਸਾਰੀਆਂ ਬੰਦਿਸ਼ਾਂ ਹਟਾ ਲਈਆਂ (ਵੇਖੋ: ਕਿਤਾਬ
ਸਿੱਖ ਤਵਾਰੀਖ਼, ਜਿਲਦ ਤੀਜੀ, ਦੇ ਸਫ਼ਾ 717 'ਤੇ ਵੇਖੋ: ਅਖ਼ਬਾਰ ਦੀ ਫ਼ੋਟੋ)।
...
ਸਰਕਾਰ
ਨੇ ਹੁਣ ਇਸ ਧੜੇ ਨੂੰ ਇਕ ਸੰਪਰਦਾ ਅਤੇ ਫਿਰ ਸਿੱਖਾਂ ਦੇ ਗੁਰੂ ਵਜੋਂ ਪੇਸ਼ ਕਰਨਾ ਸ਼ੁਰੂ
ਕਰ ਦਿਤਾ ਅਤੇ ਪੂਰਾ ਮਾਣ, ਮਦਦ ਤੇ ਸਰਪਰਸਤੀ ਦੇਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ਨੇ
ਸਰਕਾਰ ਨਾਲ ਗੰਢ-ਤੁਪ ਕਰ ਕੇ ਸ਼੍ਰੋਮਣੀ ਕਮੇਟੀ ਬਣਨ ਤੋਂ ਰੋਕਣ ਵਾਸਤੇ, ਸਿੱਖਾਂ ਨਾਲ
ਟਕਾਰਓ ਪੈਦਾ ਕਰਨ ਦੀਆਂ ਕਾਰਵਾਈਆਂ 1925 ਤਕ ਸ਼ਰੇ-ਆਮ ਕੀਤੀਆਂ। (ਵੇਖੋ: ਕਿਤਾਬ ਸਿੱਖ
ਤਵਾਰੀਖ਼, ਜਿਲਦ ਤੀਜੀ, ਦੇ ਸਫ਼ਾ 718 'ਤੇ 1925 ਦੀ ਅਖ਼ਬਾਰ ਦੀ ਫ਼ੋਟੋ)।
ਕੀ
ਕੂਕੇ (ਅੱਜ ਦੇ ਅਖੌਤੀ ਨਾਮਧਾਰੀ) ਸਿੱਖ ਹਨ?1947 ਤੋਂ ਮਗਰੋਂ ਕੂਕੇ ਕਾਂਗਰਸ ਦੇ
ਵਫ਼ਾਦਾਰ ਬਣ ਗਏ ਤੇ ਅੱਜ ਤਕ ਕੂਕੇ ਕਾਂਗਰਸ ਦੇ ਹਿਮਾਇਤੀ ਰਹੇ ਹਨ ਤੇ ਰਹਿਣਗੇ। ਕੂਕੇ
ਕਿਸੇ ਵੀ ਨੁਕਤੇ ਤੋਂ ਸਿੱਖ ਨਹੀਂ ਮੰਨੇ ਜਾ ਸਕਦੇ। ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ
ਨਹੀਂ ਮੰਨਦੇ; ਉਹ ਅੱਗ ਦੁਆਲੇ ਫੇਰੇ ਲੈਂਦੇ ਹਨ; ਉਹ ਗਾਂ ਦੀ ਪੂਜਾ ਕਰਦੇ ਹਨ; ਉਹ
ਦੇਹਧਾਰੀ ਗੁਰੂਡੰਮ ਦਾ ਪਾਖੰਡ ਕਰਦੇ ਹਨ। ਕੂਕੇ ਸਿੱਖਾਂ ਵਾਸਤੇ ‘ਕਾਫ਼ਿਰ’ ਹਨ ਤੇ
ਇਨ੍ਹਾਂ ਦਾ ਦਰਜਾ ਮੀਣਿਆਂ, ਰਾਮਰਾਈਆਂ ਤੇ ਧੀਰਮੱਲੀਆਂ (ਜਾਂ ਨਿਰੰਕਾਰੀਆਂ,
ਆਸ਼ੂਤੋਸ਼ੀਆਂ/ ਨੂਰਮਹਿਲੀਆਂ, ਸਰਸਾ ਡੇਰੇ ਵਾਲਾ) ਵਰਗਾ ਹੈ। ਉਹ ਗੁਰੂ ਗ੍ਰੰਥ ਸਾਹਿਬ ਦੇ
‘ਵਿਰੋਧੀ’ ਹਨ। ਕੂਕੇ ਹਿੰਦੂਆਂ ਦਾ ਇਕ ਫ਼ਿਰਕਾ ਤਾਂ ਹੋ ਸਕਦੇ ਹਨ ਪਰ ਉਹ ਸਿੱਖ ਨਹੀਂ
ਹਨ।
...
ਰਾਮ ਸਿੰਘ ਨੇ ਆਪਣੇ ਆਪ ਨੂੰ ਕਦੇ ‘ਨਾਮਧਾਰੀ’ ਵੀ ਨਹੀਂ ਸੀ
ਕਿਹਾ। ਉਹ ਤਾਂ ਆਪਣੇ-ਆਪ ਨੂੰ ‘ਗੁਰੂ’ ਤਾਂ ਕੀ ਇਕ ਸੰਤ, ਗਿਆਨੀ, ਬ੍ਰਹਮਗਿਆਨੀ,
ਜਥੇਦਾਰ, ‘ਬਾਬਾ’ ਵੀ ਨਹੀਂ ਸੀ ਅਖਵਾੳਂੁਦਾ। ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ
ਮੰਨਦਾ ਸੀ ਤੇ ਇਸ ’ਤੇ ਅਮਲ ਕਰਨ ਵਾਸਤੇ ਨਸੀਹਤਾਂ ਦੇਂਦਾ ਸੀ। ਇਹ ਸਭ ਕੁਝ ਉਸ ਦੇ
ਖ਼ਤਾਂ ਵਿਚ ਸ਼ਰੇਆਮ ਲਿਖਿਆ ਮਿਲਦਾ ਹੈ। ਅਖੌਤੀ ਨਾਮਧਾਰੀਆਂ ਨੂੰ ਸਿੱਖਾਂ ਨੇ ਕਦੇ ਕਬੂਲ
ਨਹੀਂ ਕੀਤਾ। ਇਸੇ ਕਰ ਕੇ ਅਜ ਵੀ (2010 ਵਿਚ) ਉਨ੍ਹਾਂ ਦੀ ਗਿਣਤੀ ਸਾਰੀ ਦੁਨੀਆਂ ਵਿਚ ਇਕ
ਲੱਖ ਤੋਂ ਵਧ ਨਹੀਂ। ਇਨ੍ਹਾਂ ਵਿਚੋਂ 5-7 ਹਜ਼ਾਰ ਥਾਈਲੈਂਡ ਅਤੇ ਹੋਰ ਦੇਸ਼ਾਂ ਵਿਚ ਹਨ।
ਕੋਈ ਵੀ ਸੱਚਾ ਸਿੱਖ ਇਸ ਟੋਲੇ ਵਿਚ ਸ਼ਾਮਿਲ ਹੋਣ ਵਾਸਤੇ ਤਿਆਰ ਨਹੀਂ ਕਿਉਂਕਿ ਇਹ ਕੁਫ਼ਰ
ਦਾ ਪ੍ਰਚਾਰ ਕਰਦੇ ਹਨ ਤੇ ਇਹ ਸਿੱਖ ਨਹੀਂ ਹਨ। ਪੰਜਾਬ ਵਿਚ ਇਨ੍ਹਾਂ ਦੀਆਂ ਸਿਰਫ਼ ਪੰਜਾਹ
ਹਜ਼ਾਰ ਦੇ ਕਰੀਬ ਵੋਟਾਂ ਹਨ। ਇਹ ਕਾਂਗਰਸ ਪਾਰਟੀ ਦੇ ਵਫ਼ਾਦਾਰ ਹਨ ਅਤੇ 90% ਉਸ ਨੂੰ ਹੀ
ਵੋਟਾਂ ਪਾਉਂਦੇ ਹਨ ਤੇ ਉਨ੍ਹਾਂ ਤੋਂ ਹੀ ਮਾਣ-ਸਨਮਾਨ ਲੈਂਦੇ ਹਨ।
...
ਉਂਞ
ਇਨ੍ਹਾਂ ਨੇ ਪ੍ਰਕਾਸ਼ ਬਾਦਲ ਨੂੰ ਵੀ ਬੇਵਕੂਫ਼ ਬਣਾ ਕੇ, ਵੋਟਾਂ ਦਾ ਝੂਠਾ ਲਾਲਚ ਦੇ ਕੇ,
ਉਸ ਦੇ ਅਹਿਦ ਵਿਚ, ਉਸ ਤੋਂ ਗੁਰੂ ਨਾਨਕ ਯੂਨੀਵਰਸਿਟੀ ਵਿਚ ਰਾਮ ਸਿੰਘ ਦੇ ਨਾਂ ’ਤੇ ਇਕ
ਚੇਅਰ ਕਾਇਮ ਕਰਵਾ ਲਈ। ਪਰ ਸਿੱਖਾਂ ਦੇ ਪ੍ਰੋਟੈਸਟ ਮਗਰੋਂ ਇਸ ਦਾ ਨਾਂ ਬਦਲ ਕੇ ‘ਨਾਮਧਾਰੀ
ਸਤਿਗੁਰੂ ਚੇਅਰ’ ਕਰ ਦਿੱਤਾ।
...
ਕੂਕੇ ਸਿੱਖ ਪੰਥ ਤੇ ਫ਼ਲਸਫ਼ੇ ਦੇ
ਸਭ ਤੋਂ ਵੱਡੇ ਦੁਸ਼ਮਣਾਂ ਵਿਚੋਂ ਇਕ ਹਨ। ਭਾਵੇਂ ਇਹ ਸਰਕਾਰੀ ਫ਼ੰਡ ਹਾਸਿਲ ਕਰ ਲੈˆਦੇ ਹਨ
ਪਰ ਸਿੱਖਾਂ ਨੂੰ ਬੇਵਕੂਫ਼ ਬਣਾ ਕੇ ਆਪਣੇ ਵਿਚ ਸ਼ਾਮਿਲ ਕਰਨ ਵਾਸਤੇ ਕਾਮਯਾਬ ਨਹੀਂ ਹੋ
ਸਕੇ ਤੇ ਨਾ ਹੋਣਗੇ।
....
ਮਗਰੋਂ ਸਰਕਾਰੀ ਤੇ ਕੂਕਾ ਲੇਖਕਾਂ ਨੇ ਰਾਮ
ਸਿੰਘ ਨੂੰ ‘ਸਵਦੇਸ਼ੀ’ ਲਹਿਰ ਦਾ ਮੋਢੀ ਬਣਾ ਕੇ ਪੇਸ਼ ਕਰਨ ਵਾਸਤੇ ਝੂਠ ਲਿਖਣਾ ਸ਼ੁਰੂ ਕਰ
ਦਿਤਾ। ਉਨ੍ਹਾਂ ਲਿਖਿਆ ਕਿ ਰਾਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ
ਨੌਕਰੀਆਂ ਨਾ ਕਰਨ, ਸਰਕਾਰੀ ਸਕੂਲਾਂ-ਕਾਲਜਾਂ ’ਚ ਪੜ੍ਹਾਈ ਨਾ ਕਰਨ, ਸਰਕਾਰੀ ਅਦਾਲਤਾਂ ਦਾ
ਬਾਈਕਾਟ ਕਰਨ ਅਤੇ ਵਲੈਤੀ ਕਪੜੇ ਨਾ ਵਰਤਣ। ਤਵਾਰੀਖ਼ ਨਾਲ ਏਡੀ ਜ਼ਿਆਦਤੀ ਨੂੰ ਕਾਂਗਰਸ
ਪਾਰਟੀ ਨੇ ਵੀ ਕਬੂਲ ਕਰ ਲਿਆ।ਹਾਲਾਂਕਿ ਇਸ ਤੋਂ ਇਹ ਨਤੀਜਾ ਵੀ ਨਿਕਲਦਾ ਸੀ ਕਿ ਗਾਂਧੀ ਨੇ
ਨਾਮਿਲਵਰਤਣ ਲਹਿਰ ਦਾ ਤਰੀਕਾ ਰਾਮ ਸਿੰਘ ਤੋਂ ਸਿਖਿਆ ਸੀ। ਉਂਞ ਇਹ ਕੋਰਾ ਝੂਠ ਹੈ,
ਕਿਉਂਕਿ ਰਾਮ ਸਿੰਘ ਦੇ ਹੁੰਦਿਆਂ ਨਾ ਤਾਂ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿਤੀਆਂ ਜਾ
ਰਹੀਆਂ ਸਨ, ਨਾ ਹੀ ਅਜੇ ਸਰਕਾਰੀ ਸਕੂਲ ਖੁਲ੍ਹੇ ਸਨ (ਦਸੰਬਰ 1862 ਵਿਚ ਉਦੋਂ ਦੇ ਪੰਜਾਬ,
ਜਿਸ ਵਿਚ ਸਿੰਧ, ਬਲੋਚਿਸਤਾਨ, ਜੰਮੂ ਕਸ਼ਮੀਰ ਵੀ ਸ਼ਾਮਿਲ ਸਨ, ਕੁਲ 8 ਜਣਿਆਂ ਨੇ ਦਸਵੀਂ
ਜਮਾਤ ਪਾਸ ਕੀਤੀ ਸੀ)। ਉਦੋਂ ਅਜੇ ਫ਼ੌਜਦਾਰੀ ਜਾਂ ਸਿਵਲ ਕਾਨੂੰਨ ਜਾਂ ਅਦਾਲਤਾਂ ਵੀ
ਨਹੀਂ ਸਨ ਬਣੀਆਂ। ਇਸ ਕਰ ਕੇ ਸਰਕਾਰੀ ਅਦਾਲਤਾਂ ਦੇ ਬਾਈਕਾਟ ਦਾ ਸਵਾਲ ਹੀ ਨਹੀਂ ਸੀ। ਅਜੇ
ਦੇਸ਼ ਵਿਚ ਵਲੈਤੀ ਕਪੜੇ ਦਾ ਨਾਂ-ਨਿਸ਼ਾਨ ਵੀ ਨਹੀਂ ਸੀ ਇਸ ਕਰ ਕੇ ਵਿਦੇਸ਼ੀ ਕਪੜਿਆਂ ਦੀ
ਵਿਰੋਧਤਾ ਦਾ ਮਤਲਬ ਹੀ ਨਹੀਂ ਸੀ। (ਡਾਕਟਰ ਗੰਡਾ ਸਿੰਘ ਦਾ ਲੇਖ ‘ਕੂਕਾ ਲਹਿਰ’, ਕਿਤਾਬ
ਪੰਜਾਬ: ਭਾਈ ਜੋਧ ਸਿੰਘ ਅਭਿਨੰਦਨ ਗ੍ਰੰਥ, ਸਫ਼ਾ 115 ਤੋਂ 122)। ਨਾਮਧਾਰੀਆਂ ਦੀ ਅਖੌਤੀ
‘ਸਵਦੇਸ਼ੀ ਲਹਿਰ’ ਦਾ ਚਰਚਾ 1922 ਤਕ ਹਰਗਿਜ਼ ਨਹੀਂ ਸੀ। ਕਾਲਾ ਸਿੰਘ ਕੂਕੇ ਦੀਆਂ
ਕਿਤਾਬਾਂ ‘ਸ਼ਹੀਦ ਬਿਲਾਸ (1913)’ ਅਤੇ ‘ਪੰਥ ਪ੍ਰਕਾਸ਼ (1914)’ ਵਿਚ ਅਜਿਹੀ ਕਿਸੇ ਗੱਲ
ਦਾ ਜ਼ਿਕਰ ਨਹੀਂ ਮਿਲਦਾ। ਅਜਿਹਾ ਜਾਪਦਾ ਹੈ ਕਿ ਨਾਮਧਾਰੀਆਂ ਨੂੰ ਵਡੇਰੇ ਤੇ ਉਚੇਰੇ
ਸਾਬਿਤ ਕਰਨ ਵਾਸਤੇ ਇਹ ਪ੍ਰਾਪੇਗੰਡਾ ਕਾਂਗਰਸ ਨੇ ਸ਼ੁਰੂ ਕੀਤਾ ਹੋਵੇ। ਉਨ੍ਹਾਂ ਦਾ
ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿਚ ਦੇਹਧਾਰੀ ਗੁਰੂਡੰਮ ਖੜਾ ਕਰਨ ਵਾਸਤੇ
ਰਾਮ ਸਿੰਘ ਦੀ ਸ਼ਖ਼ਸੀਅਤ ਉਭਾਰਨਾ ਵੀ ਹੋ ਸਕਦਾ ਹੈ। ਯਾਨੀ ਕਾਂਗਰਸੀ ਇਕ ਤੀਰ ਨਾਲ ਦੋ
ਸ਼ਿਕਾਰ ਕਰਨਾ ਚਾਹੁੰਦੇ ਸਨ। ਪਰ ਇਹ ਸਾਰੀਆਂ ਝੂਠੀਆਂ ਕਹਾਣੀਆਂ ਤਵਾਰੀਖ਼ ਦਾ ਰੇਪ ਕਰਨਾ
ਹੈ।
...
ਇਸ ਤੋਂ ਇਲਾਵਾ ਬੁੱਚੜਾਂ ਨੂੰ ਕਤਲ ਕਰਨ ਦੇ ਦੋਸ਼ ਵਿਚ ਫ਼ਾਂਸੀ
ਚਾੜ੍ਹੇ ਕੂਕਿਆਂ ਨੂੰ ਸ਼ਹੀਦ ਵੀ ਨਹੀਂ ਮੰਨਿਆ ਜਾ ਸਕਦਾ ਕਿਉਂ ਕਿ ਤਾਂ ਉਹ ਬੇਦੋਸ਼ੇ
ਬੁੱਚੜਾਂ ਨੂੰ ਕਤਲ ਕਰਨ ਵਾਲੇ ਦਹਿਸ਼ਤਗਰਦ ਸਨ। ਬੁੱਚੜ ਵਿਚਾਰੇ ਤਾਂ ਨੌਕਰ ਸਨ ਜਿਹੜੇ
ਨੌਕਰੀਆਂ ਕਰ ਕੇ ਰੋਟੀ-ਰੋਜ਼ੀ ਕਮਾ ਰਹੇ ਸਨ, ਨਾ ਕਿ ਉਹ ਮਾਲਿਕ ਸਨ।
...
ਕੀ
ਰਾਮ ਸਿੰਘ ਖ਼ੁਦ ਨੂੰ ਗੁਰੁ ਮੰਨਦਾ ਸੀ?:ਰਾਮ ਸਿੰਘ ਨੇ ਕਦੇ ਖ਼ੁਦ ਨੂੰ ‘ਗੁਰੂ’ ਨਹੀਂ
ਸੀ ਮੰਨਿਆ। ਉਹ ਤਾਂ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਆਖ ਕੇ ਸਿਰ ਝੁਕਾਉਂਦਾ ਸੀ।
ਉਸ ਦੀਆਂ ਲਿਖੀਆਂ ਚਿੱਠੀਆਂ ਵਿਚੋਂ ਇਹ ਲਫ਼ਜ਼ ਕਾਬਲੇ-ਗੌਰ ਹਨ: ‘‘ਮੈਂ ਤਾਂ ਗੁਰੂ ਨਹੀਂ
ਰਪਟੀਏ ਦੀ ਮਾਫ਼ਕ ਹਾਂ। 10।’’ (ਚੇਤ ਵਦੀ 2, ਸਾਲ 1937, ਬਿਕਰਮੀ, ਯਾਨਿ 1880 ਦੀ
ਚਿੱਠੀ) ‘‘ਗੁਰੂਆਂ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਸੋ ਸਬਦ ਗੁਰੂ। 18।’’ ‘‘ਮੈਂ ਤਾਂ
ਨਾ ਗੁਰੂ ਬਣਨ ਦੀ ਲੋੜ ਹੈ, ਨਾ ਮੈਂ ਗੁਰੂ ਹਾਂ, ਮੈˆ ਤਾਂ ਹੁਕਮੀ ਬੰਦਾ ਹਾਂ।
23।।’’ ‘‘ਹੋਰ ਭਾਈ ਦਸਾਂ ਪਾਤਸ਼ਾਹੀਆਂ ਤੋਂ ਪਿਛੇ ਗੁਰੂ ਤਾਂ ਮਹਾਰਾਜ ਜੀ ਗੁਰੂ ਗ੍ਰੰਥ
ਸਾਹਿਬ ਨੂੰ ਇਸਥਾਪਨ ਕਰ ਗਏ ਸਨ, ਜੋ ਸਦਾ ਹੀ ਇਸਥਿਤ ਹੈ, ਹੋਰ ਗੁਰੂ ਕੋਈ ਨਹੀਂ।।
55।।’’ (ਡਾ. ਗੰਡਾ ਸਿੰਘ, ਕੂਕਿਆਂ ਦੀ ਵਿਥਿਆ)।
No comments:
Post a Comment