
ਅਕਾਲ ਤਖਤ ਤੇ ਬੈਠੇ ਅਖੌਤੀ ਜਥੇਦਾਰ ਕੌਮ ਵਿੱਚ ਨਿੱਤ ਨਵੀਂ ਦੁਬਿਧਾ ਖੜੀ ਕਰਕੇ ਸਿੱਖਾਂ ਦੇ ਸਿਰ ਪੜਵਾ ਰਹੇ ਹਨ ਤੇ ਕੌਮ ਦੀਆਂ ਪੱਗਾਂ ਰੋਲ ਰਹੇ ਹਨ। ਐਡਮਿੰਟਨ (ਕੈਨੇਡਾ) ਦੇ ਗੁਰਦੁਵਾਰੇ ਵਿੱਚ ਸਰਬਜੀਤ ਸਿੰਘ ਧੂੰਦਾ ਦੀ ਕਥਾ ਸੁਨਣ ਲਈ 1500 ਦੇ ਕਰੀਬ ਸੰਗਤ ਪਹੁੰਚੀ ਸੀ ਅਤੇ ਸੰਗਤ ਵਿੱਚ ਗੁਰਬਾਣੀ ਵਿਚਾਰ ਸੁਨਣ ਲਈ ਪੂਰਨ ਉਤਸ਼ਾਹ ਸੀ ਪਰ ਐਨ ਮੌਕੇ ਤੇ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਸਾਧਾਂ ਦੇ 12-15 ਚਾਪਟੇ ਤੇ ਚਾਪਟੀਆਂ ਪਹੁੰਚ ਗਏ ਗੁਰਬਾਣੀ ਵਿਚਾਰ ਵਿੱਚ ਖਲਲ ਪਾਉਣ ਤੇ ਵਿਚਾਰ ਸ਼ੁਰੂ ਹੋਣ ਤੋਂ ਪਹਿਲਾਂ ਸਿਮਰਨ ਰਾਗ ਅਲਾਪ ਦਿੱਤਾ। ਦੂਰੋਂ -ਦੂਰੋਂ ਪਹੁੰਚੀ ਸੰਗਤ ਜੋ ਗੁਰਬਾਣੀ ਵਿਚਾਰ ਸੁਨਣ ਪਹੁੰਚੀ ਸੀ ਨੇ ਇਸਦਾ ਬਹੁਤ ਬੁਰਾ ਮਨਾਇਆ। ਸੰਗਤ ਵਿੱਚੋਂ ਬਜ਼ੁਰਗਾਂ ਤੇ ਮਾਤਾਵਾਂ ਨੇ ਹੱਥ ਜੋੜ-ਜੋੜਕੇ ਤਰਲੇ ਕਰਕੇ ਇਸ ਸਾਧ ਟੋਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸਿਮਰਨ ਦਾ ਢੌਂਗ ਕਰਨ ਵਾਲੇ ਤਾਂ ਸਿਰਫ ਗੁਰਮਤਿ ਦੇ ਆਧਾਰ ਤੇ ਹੋਣ ਵਾਲੀ ਵਿਚਾਰ ਵਿੱਚ ਆਪਣੀ ਕਾਵਾਂ ਰੌਲੀ ਹੀ ਪਾਉਣ ਆਏ ਸੀ ਤੇ ਜਥੇਦਾਰਾਂ ਦਾ ‘ਹੁਕਮ’ ਲਾਗੂ ਕਰਵਾਉਣ ਆਏ ਸੀ। ਜਦੋਂ ਕੋਈ ਹੀਲਾ ਨਾ ਬਣਿਆ ਤਾਂ ਜਾਗਰੂਕ ਸਿੱਖ ਸੰਗਤ ਨੇ ਮਾਮਲਾ ਆਪਣੇ ਹੱਥ ਲੈਕੇ ਕਈ ਸਿਮਰਨ ਚੌਧਰੀਆ ਦੀ ਗਿੱਦੜ ਕੁੱਟ ਕਰ ਦਿੱਤੀ ਤੇ ਧੂਹ-ਧੂਹਕੇ ਗੁਰਦੁਵਾਰੇ ਵਿੱਚੋਂ ਬਾਹਰ ਕੱਢ ਮਾਰੇ। ਕਈਆਂ ਦੀਆਂ ਪੱਗਾਂ ਲਹਿ ਗਈਆਂ ਤੇ ਬੀਬੀਆਂ ਨੇ ਵੀ ਹੱਥ ਹੌਲੇ ਕਰ ਦਿੱਤੇ। ਪੁਲੀਸ ਆਈ , ਸਿੱਖੀ ਦਾ ਜਲੂਸ ਨਿਕਲਿਆ ਤੇ ਗ੍ਰਿਫਤਾਰ ਹੋਏ । ਆਮ ਸੰਗਤ ਹੁਣ ਇਹਨਾਂ ‘ਬਗਲੇ ਭਗਤਾਂ’ ਦੀਆਂ ‘ਬਗੁਲ ਸਮਾਧੀਆਂ’ ਤੋਂ ਚੰਗੀਂ ਤਰਾਂ ਜਾਣੂ ਹੋ ਗਈ ਹੈ ਤੇ ਹਰ ਥਾਂ ਇਹਨਾਂ ਦਾ ਸਵਾਗਤ ਹੁਣ ਜੁੱਤੀਆਂ ਨਾਲ ਹੋਇਆ ਕਰੇਗਾ।
ਕਈ ਸਾਲ ਪਹਿਲਾਂ ਵੀ ਇਹਨਾਂ ਬਗਲਿਆਂ ਨੇ ਟੋਰਾਂਟੋ ਵਿੱਚ ਸਿਮਰਨ ਦੇ ਨਾਂ ਤੇ ਖਲਲ ਪਾਕੇ ਛਿੱਤਰ ਪਰੇਡ ਕਰਵਾ ਲਈ ਸੀ , ਉਹ ਸ਼ੁਰੂਆਤ ਸੀ ਤੇ ਹੁਣ ਫਿਰ ਸੰਗਤ ਤੋਂ ਜੁੱਤੀਆਂ ਖਾਧੀਆਂ ਹਨ। ਉਂਦੋ ਵੀ ਜਥੇਦਾਰਾਂ ਦਾ ਹੁਕਮ ਲਾਗੂ ਕਰਵਾਉਣ ਆਏ ਸੀ ਤੇ ਹੁਣ ਵੀ ਪਰ ਪੱਗਾਂ ਆਪਣੀਆਂ ਲੁਹਾ ਆਏ ਤੇ ਛੱਜਾਂ ਵਾਂਗ ਛਿੱਲੇ ਵੀ ਗਏ। ਪਤਾ ਨਹੀਂ ਇਹ ਵਾਰ-ਵਾਰ ਸਿੱਖ ਸੰਗਤ ਤੋਂ ਜੁੱਤੀਆਂ ਕਿਉਂ ਖਾਂਦੇ ਹਨ ਤੇ ਜਥੇਦਾਰਾਂ ਦੇ ਹੁਕਮ ਲਾਗੂ ਕਰਾਉਂਦੇ -ਕਰਾਉਂਦੇ ਆਪਣੀ ਤੇ ਸਿੱਖ ਕੌਮ ਦੀ ਬੇਇੱਜ਼ਤੀ ਬਾਹਰਲੇ ਦੇਸ਼ਾਂ ਦੇ ਮੀਡੀਏ ਵਿੱਚ ਕਿਉਂ ਕਰਵਾਉਂਦੇ ਹਨ। ਜਥੇਦਾਰ ਪਹਿਲਾਂ ਲੰਗਰ ਦੇ ਨਾਂ ਤੇ ਹੁਕਮਨਾਮਾ ਕੱਢਕੇ ਵੀ ਸਿੱਖਾਂ ਦਾ ਜਲੂਸ ਮੀਡੀਏ ਵਿੱਚ ਕਢਵਾ ਚੁੱਕੇ ਹਨ । ਇਹਨਾਂ ਸਾਰੇ ਘਟਨਾਕ੍ਰਮਾ ਦੇ ਜ਼ਿੰਮੇਵਾਰ ਸਾਰੇ ਜਥੇਦਾਰ ਹੀ ਹਨ ਕਿਉਂਕਿ ਇਹ ਆਏ ਦਿਨ ਰੰਗ-ਬਰੰਗੇ ਬਿਨਾਂ ਸਿਰ ਪੈਰ ਦੇ ਫਤਵੇ ਕੱਢਦੇ ਹਨ ਤੇ ਸਿੱਖ ਕੌਮ ਨੂੰ ਤੀਲਾ- ਤੀਲਾ ਕਰ ਰਹੇ ਹਨ..
ਓ ਜਥੇਦਾਰੋ! ਮੂਰਖੋ ਜ਼ਰਾ ਅਕਲ ਨੂੰ ਹੱਥ ਮਾਰੋ ਤੇ ਸਿੱਖਾਂ ਦੀਆਂ ਪੱਗਾਂ ਨਾ ਰੋਲੋ, ਸਿੱਖਾਂ ਦੀਆਂ ਰੁਲਦੀਆਂ ਪੱਗਾਂ ਦੇ ਜ਼ਿੰਮੇਵਾਰ ਤੁਸੀਂ ਹੋ ਆਹ ਸਾਂਭ ਲੋ ਰੁਲਦੀਆਂ ਪੱਗਾਂ ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ। # 647 969 3132, 810 223 3648
No comments:
Post a Comment