1

Monday, May 28, 2012

ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ!

ਪਿਛਲੇ ਐਤਵਾਰ ਛਪੇ ਮੇਰੇ ਲੇਖ ''ਬਾਦਲ ਜੀ, ਹੁਣ ਤਾਂ ਸਾਡਾ ਕਿੱਲਾ ਵੀ ਮਿਣੋ'' ਦੇ ਸਬੰਧ ਵਿਚ ਕੁਝ ਗੱਲਾਂ ਅਜਿਹੀਆਂ ਵਾਪਰੀਆਂ ਜੋ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਠੀਕ ਰਹਿਣਗੀਆਂ।
'ਪੰਜਾਬੀ ਟ੍ਰਿਬਿਊਨ'' ਦੇ ਸੰਪਾਦਕ ਵਜੋਂ ਕੰਮ ਕਰਦਿਆਂ ਇਹ ਗੱਲ ਤਾਂ ਮੈਂ ਚੰਗੀ ਤਰ੍ਹਾਂ ਜਾਣ ਗਿਆ ਸੀ ਕਿ ਇਸ ਦੇ ਪਾਠਕਾਂ ਦਾ ਘੇਰਾ ਦੂਜੇ ਅਖ਼ਬਾਰਾਂ ਨਾਲੋਂ ਬਹੁਤ ਵੱਖਰਾ ਹੈ। ਲੇਖਕ ਤੇ ਦੂਜੇ ਅਖ਼ਬਾਰਾਂ ਦੇ ਪੱਤਰਕਾਰ, ਕੰਮਕਾਜੀ ਤੇ ਸੇਵਾਮੁਕਤ ਸਕੂਲੀ-ਕਾਲਜੀ ਅਧਿਆਪਕ, ਬੁੱਧੀਜੀਵੀ ਤੇ ਹੋਰ ਪੜ੍ਹੇ-ਲਿਖੇ ਲੋਕ ਸਭ ਤੋਂ ਵੱਧ ਇਸੇ ਦੇ ਪਾਠਕ ਹਨ। ਇਹ ਚਾਨਣ ਨਹੀਂ ਸੀ ਕਿ ਪਾਠਕ ਸਮੂਹ ਏਨਾ ਵੰਨ-ਸੁਵੰਨਾ ਅਤੇ ਏਨਾ ਜਾਗਰਿਤ ਹੈ। ਇਹ ਪਤਾ ਲੇਖ ਦੇ ਹੁੰਗਾਰੇ ਵਜੋਂ ਆਏ ਤੇ ਹੁਣ ਵੀ ਆ ਰਹੇ ਗਿਣਤੀਉਂ ਬਾਹਰੇ ਫ਼ੋਨਾਂ ਤੋਂ ਲੱਗਿਆ। ਜਦੋਂ ਕੋਈ ਫ਼ੋਨ ਆਉਂਦਾ ਮੈਂ ਪੁੱਛਦਾ, ''ਕਿਥੋਂ ਬੋਲ ਰਹੇ ਹੋ, ਕੀ ਕਰਦੇ ਹੋ?'' ਪ੍ਰਤੀਕਰਮ ਦੇਣ ਵਾਲੇ ਪਾਠਕਾਂ ਵਿੱਚ ਉਪਰੋਕਤ ਲੋਕ ਤਾਂ ਸਨ ਹੀ ਉਨ੍ਹਾਂ ਤੋਂ ਬਿਨਾਂ  ਕਾਲਜ ਵਿਦਿਆਰਥੀ, ਮਨੁੱਖਾਂ ਤੇ ਪਸ਼ੂਆਂ ਦੇ ਡਾਕਟਰ, ਪਟਵਾਰੀ ਤੇ ਕਾਨੂੰਗੋ, ਸਿਪਾਹੀ ਤੇ ਐੱਸ ਅੱੈਸ ਪੀ, ਛੋਟੇ ਕਾਰੋਬਾਰੀ, ਟੈਲੀਫ਼ੋਨ ਕੰਪਨੀਆਂ ਖਾਸ ਕਰਕੇ ਬੀ ਐਸ ਐਨ ਐਲ ਦੇ ਕਰਮਚਾਰੀ ਤੇ ਅਧਿਕਾਰੀ, ਰੇਡੀਓ, ਟੀਵੀ ਤੇ ਕੰਪਿਊਟਰ ਸੰਚਾਰ ਨਾਲ ਸਬੰਧਤ ਲੋਕ, ਮੈਂਬਰ, ਸਰਪੰਚ ਤੇ ਬਲਾਕ ਸੰਮਤੀਆਂ ਦੇ ਚੇਅਰਮੈਨ, ਇੰਜੀਨੀਅਰ ਤੇ ਆਪਣੇ ਕਈ ਅਖ਼ਬਾਰਾਂ ਦੇ ਬਾਵਜੂਦ ਸਾਧਾਰਨ ਤੋਂ ਲੈ ਕੇ ਧੁਰ ਖੱਬੇ ਤਕ ਦੇ ਕਾਮਰੇਡ ਆਦਿ ਵੀ ਸ਼ਾਮਲ ਸਨ। ਫ਼ੋਨਾਂ ਦੀ ਅਟੁੱਟ ਲੜੀ ਹਾਲੇ ਤਕ ਜਾਰੀ ਹੈ। ਲੋਕਾਂ ਵੱਲੋਂ ਆਪੇ ਹੀ ਇਹ ਲੇਖ ਕਈ ਵੈੱਬਸਾਈਟਾਂ ਉੱਤੇ ਪਾ ਦਿੱਤੇ ਜਾਣ ਕਾਰਨ ਕੱਲ੍ਹ-ਪਰਸੋਂ ਕੁਝ ਮੱਠਾ ਪਿਆ ਫ਼ੋਨਾਂ ਦਾ ਸਿਲਸਿਲਾ ਫੇਰ ਜ਼ੋਰ ਫੜ ਗਿਆ ਹੈ।


ਬਹੁਗਿਣਤੀ ਦਾ ਪੰਜਾਬੋਂ ਹੋਣਾ ਤਾਂ ਸੁਭਾਵਿਕ ਸੀ, ਕਾਫ਼ੀ ਫ਼ੋਨ ਹਰਿਆਣਾ, ਦਿੱਲੀ ਤੇ ਰਾਜਸਥਾਨ ਤੋਂ ਆਏ। ਇੰਟਰਨੈੱਟ ਐਡੀਸ਼ਨ ਦੀ ਕਿਰਪਾ ਨਾਲ ਕੁਝ ਪਰਦੇਸੀ ਪਾਠਕਾਂ ਨੇ ਵੀ ਸੰਪਰਕ ਕੀਤਾ। ਸਭ ਤੋਂ ਦਿਲਚਸਪ ਫ਼ੋਨ ਇੱਕ ਮਾਈ ਦਾ ਸੀ,''ਭਾਈ, ਮੈਂ ਬਾਦਲ ਪਿੰਡ ਤੋਂ ਬੋਲਦੀ ਆਂ, ਅੱਸੀ ਸਾਲ ਉਮਰ ਹੈ ਮੇਰੀ। ਬਹੁਤ ਚੰਗਾ ਲੱਗਿਆ ਤੇਰਾ ਲਿਖਿਆ।'' ਮੈਂ ਹੱਸਿਆ,''ਬੀਬੀ, ਜੇ ਤੁਸੀਂ ਬਾਦਲ ਪਿੰਡ ਤੋਂ ਹੋਂ, ਸਾਡਾ ਕਿੱਲਾ ਹੀ ਦੁਆ ਦਿਉ!'' ਮਾਈ ਹੱਸੀ, ਵੇ ਵੀਰਾ, ਥੋਨੂੰ ਤਾਂ ਫੇਰ ਕੁਝ ਦੁਆਈਏ ਜੇ ਪਹਿਲਾਂ ਸਾਡੇ ਨਾਲ ਕੀਤੇ ਕਰਾਰਾਂ ਦਾ ਕੁਝ ਬਣੇ! ਸਭ ਤੋਂ ਬਹੁਤਾ ਹਾਸਾ ਇੱਕ ਪਟਵਾਰੀ ਸਾਹਿਬ ਦੇ ਫ਼ੋਨ ਤੋਂ ਆਇਆ,''ਭੁੱਲਰ ਸਾਹਿਬ, ਤੁਸੀਂ ਕਿੱਲਾ ਲੈ ਲਵੋ, ਮੇਰਾ ਵਾਅਦਾ ਰਿਹਾ, ਸਭਾ ਦੇ ਨਾਂ ਪਲਾਟ ਚੜ੍ਹਨ ਤਕ ਦਾ ਸਾਰਾ ਕੰਮ ਸਾਡੇ ਮੁਹਾਲੀ ਵਾਲੇ ਸਾਥੀ ਸਾਡੇ ਮਹਿਕਮੇ ਦਾ ਅਸੂਲ ਤੋੜ ਕੇ ਤੁਹਾਥੋਂ ਇੱਕ ਵੀ ਪੈਸਾ ਰਿਸ਼ਵਤ ਲਏ ਬਿਨਾਂ ਫ਼ਟਾਫ਼ਟ ਕਰ ਦੇਣਗੇ।''




ਇੱਕ ਬੜੀ ਵਚਿੱਤਰ ਤੇ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸੈਂਕੜੇ ਫੋਨਾਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਿਸੇ ਅਹੁਦੇਦਾਰ ਜਾਂ ਕਾਰਜਕਾਰੀ ਮੈਂਬਰ ਦਾ ਇੱਕ ਵੀ ਫ਼ੋਨ ਨਹੀਂ ਆਇਆ! ਜਿੰਨਾ ਚਿਰ ਧੀਰ ਜੀ ਜਿਉਂਦੇ ਰਹੇ, ਸਰਕਾਰ ਦਾ ਕੁੰਡਾ ਖੜਕਾਉਂਦੇ ਰਹੇ, ਹੁਣ ਆਬਦੀ ਹਿੱਕ ਤੋਂ ਬੇਰ ਚੁੱਕ ਕੇ ਆਬਦੇ ਹੀ ਮੂੰਹ ਵਿੱਚ ਪਾ ਸਕਣ ਵਾਲਾ ਹਿੰਮਤੀ ਕਿੱਥੋਂ ਲੱਭੀਏ! ਸੂਣ ਵਾਲੀਆਂ ਦੋ ਮੱਝਾਂ ਦੇ ਮਾਲਕਾਂ ਨੂੰ ਇਕੱਠਿਆਂ ਰਾਤ ਕੱਟਣੀ ਪੈ ਗਈ। ਇਕ ਸੌਂ ਗਿਆ, ਦੂਜਾ ਜਾਗਦਾ ਰਿਹਾ। ਜਾਗਦੇ ਦੀ ਮੱਝ ਨੇ ਕੱਟਾ ਦੇ ਦਿੱਤਾ, ਸੁੱਤੇ ਦੀ ਮੱਝ ਨੇ ਕੱਟੀ। ਜਾਗਦੇ ਨੇ ਅਦਲਾ-ਬਦਲੀ ਕਰ ਦਿੱਤੀ। ਸੁੱਤੇ ਨੇ ਜਾਗ ਕੇ ਜਦੋਂ ਹੈਰਾਨੀ-ਪਰੇਸ਼ਾਨੀ ਜਿਹੀ ਪ੍ਰਗਟਾਈ। ਗ਼ੈਬੀ ਆਵਾਜ਼ ਆਈ,''ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੀ ਹੁੰਦੇ ਹਨ ਭਾਈ!'' ਜਾਗਦੇ ਹੋਣ ਕਰਕੇ ਕ੍ਰਿਕਟਰ, ਐਕਟਰ ਤੇ ਸਾਧ-ਸੰਤ ਕਰੋੜਾਂ ਰੁਪਏ ਤੇ ਵੀਹਾਂ ਕਿੱਲੇ ਭੋਇੰ ਲੈ ਜਾਂਦੇ ਹਨ, ਲੇਖਕਾਂ ਦੇ ਆਗੂ ਨੀਂਦ ਦੀਆਂ ਮੌਜਾਂ ਮਾਣਦੇ ਹਨ। ਜਦੋਂ ਦਰਬਾਰ ਸਾਹਿਬ ਵਿੱਚ ਮੱਸੇ ਰੰਘੜ ਦੀਆਂ ਆਪਹੁਦਰੀਆਂ ਤੋਂ ਦੁਖੀ ਸਿੱਖ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਕੋਲ ਆ ਕੇ ਰੋਏ ਤਾਂ ਉਹ ਕਹਿੰਦੇ, ਭਾਈ ਤੁਸੀਂ ਐਡੀ ਦੂਰ ਆਏ, ਓਥੇ ਹੀ ਲੜ ਮਰਨਾ ਸੀ ਪਰ ਜੇ ਇਹ ਕੰਮ ਮੇਰੇ ਕਰਨ ਦਾ ਸਮਝਦੇ ਹੋ, ਚਲੋ ਮੈਂ ਹੀ ਚਲਦਾ ਹਾਂ। ਅੱਗੇ ਦਾ ਇਤਿਹਾਸ ਤੁਸੀਂ ਜਾਣਦੇ ਹੀ ਹੋ। ਜੇ ਸਭਾ ਸਮਝਦੀ ਹੈ, ਬਾਬਾ ਦੀਪ ਸਿੰਘ ਦੇ ਇਲਾਕੇ ਦਾ ਕੋਈ ਬੰਦਾ ਉਨ੍ਹਾਂ ਦੀ ਹਿੱਕ ਤੋਂ ਬੇਰ ਚੁੱਕ ਕੇ ਉਨ੍ਹਾਂ ਦੇ ਮੂੰਹ ਵਿੱਚ ਪਾਵੇ, ਉਹ ਮੈਂ ਆਪਣਾ ਫ਼ਰਜ਼ ਸਮਝਦਿਆਂ ਪਾ ਦਿੱਤਾ ਹੈ। ਹੁਣ ਕੋਹੜੀ ਟੱਬਰਾ, ਇਸ ਬੇਰ ਨੂੰ ਚੱਬ ਤਾਂ ਲਉ!


ਗੰਭੀਰ ਗੱਲ, ਜਿਸ ਦੀ ਪੰਜਾਬ ਦੇ ਸਾਰੇ ਸੋਚਵਾਨ ਲੋਕਾਂ ਨੂੰ ਚਿੰਤਾ ਹੋਣੀ ਚਾਹੀਦੀ ਹੈ, ਸਰਕਾਰ ਅਤੇ ਲੋਕਾਂ ਵਿਚਕਾਰਲੀ ਬੇਵਸਾਹੀ, ਬੇਇਤਬਾਰੀ ਹੈ। ਗ਼ਜ਼ਬ ਸਾਂਈਂ ਦਾ, ਇੱਕ ਵੀ ਬੰਦੇ ਨੇ ਇਹ ਨਹੀਂ ਆਖਿਆ ਕਿ ਦੇਰ-ਸਵੇਰ ਹੋ ਜਾਂਦੀ ਹੈ। ਸਭਾ ਨੂੰ ਪਲਾਟ ਮਿਲ ਜਾਵੇਗਾ। ਸਭ ਦਾ ਕਹਿਣਾ ਸੀ, ਗ਼ਲਤ ਆਸਾਂ ਲਾਈ ਬੈਠੇ ਹੋ। ਲੇਖਕਾਂ ਦੀ ਬੇਵਸੀ ਇਉਂ ਬੋਲਦੀ ਸੀ, ਆਪਾਂ ਨੂੰ ਤਾਂ ਪਹਿਲਾਂ ਵਾਂਗ ਹੀ ਪ੍ਰਧਾਨ ਜਾਂ ਸਕੱਤਰ ਦੇ ਘਰੋਂ ਕੰਮ ਚਲਾਉਣਾ ਪਊ। ਇੱਕ ਪਾਠਕ ਮੇਰੇ ਭੱਥੇ ਵਿੱਚੋਂ ਤੀਰ ਲੈ ਕੇ ਮੇਰੇ ਵੱਲ ਹੀ ਚਲਾਉਂਦਾ ਹੋਇਆ ਬੋਲਿਆ,''ਹੋਂ ਤਾਂ ਤੁਸੀਂ ਉਮਰ ਵਿੱਚ ਮੈਥੋਂ ਵੱਡੇ, ਮੁਆਫ਼ ਕਰਨਾ, ਸਰਕਾਰ ਤੋਂ ਪਲਾਟ ਦੀ ਉਡੀਕ ਵਿੱਚ ਮੁਰਲੀ ਉੱਤੇ ਕਾਹਨੂੰ ਬੈਠੇ ਹੋ! ਉੱਠ ਕੇ ਸੁਖ ਦਾ ਸਾਹ ਤੇ ਰੱਬ ਦਾ ਨਾਂ ਲਉ!'' ਇੱਕ ਵੱਡੇ ਸਿੱਖ ਧਾਰਮਿਕ ਆਗੂ ਦਾ ਫ਼ੋਨ ਆਇਆ। ਨਾਂ ਸੁਣ ਕੇ ਮੈਂ ਸੋਚਿਆ, ਉਸੇ ਨਾਂ ਵਾਲਾ ਕੋਈ ਹੋਰ ਹੋਣਾ ਹੈ ਪਰ ਉਨ੍ਹਾਂ ਵੱਲੋਂ ਆਪਣੇ ਨਾਂ ਨਾਲ ਬੋਲੇ ਗਏ ਸ਼ਬਦ ਭਾਈ ਨੇ ਮੈਨੂੰ ਦੁਬਿਧਾ ਵਿੱਚ ਪਾ ਦਿੱਤਾ। ਮੈਂ ਪੁੱਛਿਆ, ਉਹ ਵਾਲੇ ਭਾਈ ਫ਼ਲਾਣਾ ਸਿੰਘ ਜੀ? ਉਹ ਹੱਸੇ, ਹਾਂ ਜੀ, ਉਹ ਵਾਲੇ ਹੀ! ਉਨ੍ਹਾਂ ਨੇ  ਲੰਮੀ-ਚੌੜੀ ਗੱਲਬਾਤ ਵਿੱਚ ਇੱਕ ਦਿਲਚਸਪ ਕਿੱਸਾ ਪੂਰੇ ਵਿਸਤਾਰ ਨਾਲ ਸੁਣਾਇਆ। ਸਾਰ-ਤੱਤ ਇਹ ਕਿ ਸਾਡੇ ਗੁਆਂਢੀਆਂ ਦੇ ਇੱਕ ਗਾਂ ਹੁੰਦੀ ਸੀ। ਦੂਜੀਆਂ ਗਊਆਂ ਨਾਲੋਂ ਵੱਡਾ ਕੱਦ-ਕਾਠ, ਵੱਡੇ ਵੱਡੇ ਸਿੰਗ, ਦੂਰੋਂ ਦੇਖਣ ਨੂੰ ਨਗੌਰੀ ਬਲ੍ਹਦ ਜਾਪਦੀ, ਨਾ ਨਵੇਂ ਦੁੱਧ ਹੁੰਦੀ ਤੇ ਨਾ ਸੂੰਦੀ, ਪੂਰੀ ਚਰਿੱਤਰਵਾਨ…। ਮੈਂ ਸੋਚਿਆ, ਭਾਈ ਸਾਹਿਬ ਨੇ ਇਹ ਕੀ ਕਥਾ ਛੇੜ ਲਈ ਤੇ ਇਹ ਦਾ ਮੇਰੇ ਲੇਖ ਨਾਲ ਕੀ ਨਾਤਾ! ਪਰ ਉਨ੍ਹਾਂ ਦੇ ਇੱਕੋ ਵਾਕ ਨੇ ਸਾਰੀ ਗੱਲ ਸਾਫ਼ ਕਰ ਦਿੱਤੀ। ਕਹਿੰਦੇ, ਵਾਹਿਗੁਰੂ ਮਿਹਰ ਕਰੇ, ਤੁਸੀਂ ਸਰਕਾਰ ਰੂਪੀ ਓਸ ਗਾਂ ਤੋਂ ਦੁੱਧ ਭਾਲ ਰਹੇ ਹੋ!


ਅਸਲ ਗੱਲ ਇਹ ਹੈ ਕਿ ਵਿਚਾਰੇ ਸਾਧਾਰਨ ਭੋਲੇ-ਭਾਲੇ ਲੋਕਾਂ ਦੀ ਗੱਲ ਤਾਂ ਛੱਡੋ, ਜਦੋਂ ਸਾਡੇ ਹਾਕਮ ਰਾਜਧਾਨੀ ਵਿੱਚ ਜੁੜੇ ਸੈਂਕੜੇ ਲੇਖਕਾਂ, ਪਾਠਕਾਂ ਤੇ ਹੋਰ ਬੁੱਧੀਮਾਨਾਂ ਸਾਹਮਣੇ ਉੱਚੇ ਮੰਚ ਤੋਂ ਕੀਤਾ ਵਾਅਦਾ ਦੇਰ-ਸਵੇਰ ਵੀ ਪੂਰਾ ਨਹੀਂ ਕਰਦੇ, ਸਾਨੂੰ ਇਸ ਬੇਵਿਸਾਹੀ, ਬੇਇਤਬਾਰੀ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ। ਇਹ ਬੇਵਿਸਾਹੀ ਓਦੋਂ ਹੋਰ ਵਧਦੀ ਹੈ ਜਦੋਂ ਕ੍ਰਿਕਟ ਵਾਂਗ ਹੀ ਡੇਰਿਆਂ-ਮੱਠਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਭੇਟ ਕੀਤੇ ਜਾਂਦੇ ਹਨ। ਹੋਰ ਤਾਂ ਹੋਰ, ਅਜੇ ਇਸੇ ਹਫ਼ਤੇ ਬਾਦਲ ਸਾਹਿਬ ਰਾਜਸਥਾਨ ਵਿੱਚ ਭੈਰੋਂ ਸਿੰਘ ਸ਼ੇਖ਼ਾਵਤ ਦੇ ਨਾਂ ਉੱਤੇ ਇੱਕ ਕਰੋੜ ਦੇ ਕੇ ਆਏ ਹਨ। ਬਠਿੰਡੇ ਤੋਂ ਜਿੰਨੇ ਵੀ ਫ਼ੋਨ ਆਏ, ਲਗਪਗ ਸਭ ਨੇ ਕਿਹਾ ਕਿ ਸਾਡੇ ਇੱਥੇ ਕਬੱਡੀ ਕੱਪ ਵੇਲੇ ਆਰੰਭਕ ਤੇ ਸਮਾਪਤੀ ਪ੍ਰੋਗਰਾਮਾਂ ਉੱਤੇ ਕਿਸੇ ਕੰਪਨੀ ਰਾਹੀਂ ਲੋਕਾਂ ਦੇ ਗਾੜ੍ਹੇ ਪਸੀਨੇ ਦੀ ਕਮਾਈ ਦੇ ਪੰਜ ਕਰੋੜ ਰੁਪਏ ਖਰਚ ਕਰ ਦਿੱਤੇ ਗਏ ਜਿਨ੍ਹਾਂ ਵਿੱਚੋਂ ਅੱਧੇ ਸ਼ਾਹਰੁਖ ਖਾਂ ਨੂੰ ਕੁੱਲ ਉੱਨੀ ਮਿੰਟ ਲਈ ਅਧਨੰਗੀਆਂ ਕੁੜੀਆਂ ਨਾਲ ਨੱਚਣ ਸਦਕਾ ਦੇ ਦਿੱਤੇ ਗਏ। ਲੇਖਕਾਂ ਦੀ ਗਿਣਤੀ ਜੇਠਾਂ ਵਿੱਚ ਹੁੰਦੀ ਹੈ, ਐਕਟਰਾਂ ਤੇ ਕ੍ਰਿਕਟਰਾਂ ਦੀ ਦਿਉਰਾਂ ਵਿੱਚ। ਪੰਜਾਬੀ ਬੋਲੀਆਂ ਵਿੱਚ ਤਾਂ ਗੱਜਬੱਜ ਕੇ ਕਿਹਾ ਜਾਂਦਾ ਹੈ, ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਮੰਗ ਲਏ!
ਪੰਜਾਬੀ ਸੱਭਿਆਚਾਰ ਵਿੱਚ ਕੌਲ-ਕਰਾਰ ਦੀ ਬੜੀ ਮਹੱਤਤਾ ਸੀ। ਹਜ਼ਾਰਾਂ-ਲੱਖਾਂ ਦਾ ਦੇਣ-ਲੈਣ ਜ਼ਬਾਨ ਅਤੇ ਇਕਰਾਰ ਦੇ ਭਰੋਸੇ ਹੋ ਜਾਂਦਾ ਸੀ। (ਕਰੋੜ-ਅਰਬ ਓਦੋਂ ਹੁੰਦੇ ਹੀ ਨਹੀਂ ਸਨ; ਲੱਖ ਵੀ ਘੱਟ ਹੀ ਹੁੰਦੇ ਸਨ!) ਕੌਲ ਤੋਂ ਮੁੱਕਰੇ ਬੰਦੇ ਦੀ ਸਮਾਜ ਵਿੱਚ ਕੋਈ ਹੈਸੀਅਤ ਨਹੀਂ ਸੀ        ਰਹਿੰਦੀ। ਖੇੜਿਆਂ ਦੇ ਲੜ ਲੱਗੀ ਹੀਰ ਨੂੰ ਰਾਂਝਾ ਸਭ ਤੋਂ      ਕਾਟਵਾਂ-ਚੀਰਵਾਂ ਮਿਹਣਾ ਇਹੋ ਮਾਰਦਾ ਹੈ, ਕਰ ਕੇ ਕੌਲ ਜ਼ਬਾਨ ਦੇ ਹਾਰੀਉਂ ਨੀ!


ਇੱਕ ਵਾਰ ਤਾਂ ਮਨ ਨਿਰਾਸ਼ ਹੋ ਗਿਆ ਜਾਂ ਕਹੋ, ਪਾਠਕਾਂ ਦੇ ਇਨ੍ਹਾਂ ਪ੍ਰਤੀਕਰਮਾਂ ਨੇ ਨਿਰਾਸ਼ ਕਰ ਦਿੱਤਾ ਕਿ ਪਲਾਟ-ਪਲੂਟ ਦੀ ਝਾਕ ਨਾ ਰੱਖੋ। ਵੀਰਵਾਰ ਦੇ ਅਖ਼ਬਾਰ ਦੀ ਤਸਵੀਰ ਵਿੱਚ ਬਾਦਲ ਸਾਹਿਬ ਨੂੰ ਇੱਕ ਕਰੋੜ ਦਾ ਮੰਜੇ ਜਿੱਡਾ ਚੈੱਕ ਕ੍ਰਿਕਟਰ ਯੁਵਰਾਜ ਸਿੰਘ ਦੇ ਹਵਾਲੇ ਕਰਦਿਆਂ ਦੇਖਿਆ ਤਾਂ ਇਸ ਘੋਰ ਨਿਰਾਸ਼ਾ ਵਿੱਚ ਮੈਨੂੰ ਫੇਰ ਮਰਾਸੀ ਯਾਦ ਆ ਗਿਆ। ਵਿਚਾਰੇ ਦੀ ਟੈਰ ਮਰ ਗਈ ਤੇ ਪੈਰੀਂ ਤੁਰਨ ਦੀ ਆਦਤ ਨਹੀਂ ਸੀ। ਕਿਧਰੇ ਜਾਂਦਿਆਂ ਜਦੋਂ ਪਿੰਜਣੀਆਂ ਵਿੱਚ ਖੱਲੀਆਂ ਚੜ੍ਹਨ ਲੱਗੀਆਂ, ਉਹਨੇ ਅੱਖਾਂ ਬੰਦ ਕਰਕੇ ਤੇ ਦੋਵੇਂ ਹੱਥ ਉੱਚੇ ਚੁੱਕ ਕੇ ਦੁਆ ਕੀਤੀ, ਅੱਲਾ ਮੀਆਂ, ਘੋੜੀ ਬਖ਼ਸ਼, ਲਿੱਸੀ-ਮਾੜੀ ਹੀ ਸਹੀ, ਮੈਂ ਪ੍ਰਭਾਂ ਦੇ ਘਰਾਂ ਤੋਂ ਮੰਗ-ਤੰਗ ਕੇ ਤਕੜੀ ਕਰ ਲਊਂ। ਫੇਰ ਉਹਨੇ ਸਮਝੌਤੇਬਾਜ਼ੀ ਕੀਤੀ, ਘੋੜੀ ਨਹੀਂ ਤਾਂ ਬਛੇਰੀ ਹੀ ਸਹੀ, ਮੈਂ ਪਾਲ ਕੇ ਵੱਡੀ ਕਰ ਲਊਂ! ਏਨੀਂ ਨੂੰ ਪਿੱਛੋਂ ਘੋੜੀ-ਸਵਾਰ ਠਾਣੇਦਾਰ ਆ ਰਲਿਆ, ਪਿੱਛੇ ਪਿੱਛੇ ਕੁਛ ਦਿਨਾਂ ਦੀ ਬਛੇਰੀ। ਉਹ ਨੇ ਗਰੀਬੜਾ ਜਿਹਾ ਬੰਦਾ ਦੇਖ ਕੇ ਹੁਕਮ ਕੀਤਾ, ਐਹ ਬਛੇਰੀ ਚੁੱਕ ਉਇ, ਨਿਆਣੀ ਥੱਕ ਜਾਊ। ਮਰਾਸੀ ਪਹਿਲਾਂ ਹੀ ਗਰਮੀ ਨਾਲ ਅੱਕਲਕਾਨ ਤੇ ਥੱਕਿਆ-ਹਾਰਿਆ, ਉੱਤੋਂ ਬਛੇਰੀ ਮੋਢਿਆਂ ਉੱਤੇ ਚਾੜ੍ਹਨੀ ਪੈ ਗਈ। ਕਹਿੰਦਾ, ਵਾਹ ਉਇ ਪੁੱਠੀਆਂ ਸਮਝਣ ਵਾਲਿਆ ਰੱਬਾ, ਮੰਗੀ ਸੀ ਚੜ੍ਹਨ ਨੂੰ, ਭੇਜ ਦਿੱਤੀ ਚੁੱਕਣ ਨੂੰ! ਤਸਵੀਰ ਦੇਖ ਕੇ ਮੈਂ ਸੋਚਿਆ, ਸਰਕਾਰ ਨੂੰ ਪਲਾਟ ਚੇਤੇ ਕਰਵਾਇਆ ਸੀ ਸਾਡੇ ਹਵਾਲੇ ਕਰਨ ਨੂੰ, ਉਹਨੇ ਚੰਗਾ-ਚੇਤੇ-ਕਰਾਇਆ ਆਖਦਿਆਂ ਇੱਟਾਂ, ਸੀਮਿੰਟ ਤੇ ਸਰੀਏ ਸਮੇਤ ਇਕ ਕਰੋੜ ਵਿਚ ਵੇਚ ਕੇ ਚੈੱਕ ਯੁਵਰਾਜ ਸਿੰਘ ਦੇ ਹਵਾਲੇ ਕਰ ਦਿੱਤਾ! ਵਾਹ ਨੀ ਪੁੱਠੀਆਂ ਸਮਝਣ ਵਾਲੀਏ ਸਰਕਾਰੇ, ਪਲਾਟ ਯਾਦ ਕੀ ਕਰਵਾਇਆ, ਹੱਥੋਂ ਹੀ ਗੁਆ ਬੈਠੇ।


ਆਖ਼ਰ ਮੇਰੇ ਕਿਸਾਨ ਪਿਛੋਕੇ ਨੇ ਆਸ ਫੇਰ ਜਗਾ ਦਿੱਤੀ। ਕਹਿੰਦੇ, ਕਿਸੇ ਗੱਲੋਂ ਕਰੋਧ ਵਿਚ ਆਏ ਦੇਵਤੇ ਨੇ ਧਰਤੀ ਨੂੰ ਸੋਕੇ ਦਾ ਸਰਾਪ ਦੇ ਕੇ ਉਹ ਬੰਸਰੀ ਅਲਮਾਰੀ ਵਿਚ ਸਾਂਭ ਦਿੱਤੀ ਜਿਸ ਨੂੰ ਬਜਾਇਆਂ ਮੀਂਹ ਪੈਂਦਾ ਸੀ। ਦੂਜੇ ਸਾਲ ਹੀ ਤਰਾਹੀ ਤਰਾਹੀ ਕਰਦੇ ਕਿਸਾਨ ਬੀ ਲਈ ਸਾਂਭ ਕੇ ਰੱਖੀ ਕਣਕ ਖਾਣ ਲੱਗੇ। ਇਕ ਕਿਸਾਨ ਨੇ ਅੱਧਾ ਬੀ ਪਿਛਲੇ ਸਾਲ ਬੀਜ ਕੇ ਗੁਆ ਲਿਆ ਸੀ, ਬਾਕੀ ਅੱਧਾ ਹੁਣ ਬੀਜਣ ਲਈ ਪਤਨੀ ਦੇ ਰੋਕਦਿਆਂ ਰੋਕਦਿਆਂ ਵੀ ਸੁੱਕੀ ਭੋਇੰ ਵਿਚ ਹਲ ਜਾ ਜੋੜਿਆ। ਸਭ ਲੋਕ ਉਹ ਨੂੰ ਮੂਰਖ ਆਖਣ ਲੱਗੇ। ਉਹ ਕਹਿੰਦਾ, ਮੇਰਾ ਧਰਮ ਹੈ ਬੀ ਪਾਉਣਾ, ਫ਼ਸਲ ਪੈਦਾ ਕਰਨਾ ਰੱਬ ਦਾ ਧਰਮ ਹੈ, ਉਹ ਆਪਣਾ ਧਰਮ ਨਿਭਾਉਂਦਾ ਹੈ ਕਿ ਨਹੀਂ, ਇਹ ਉਹ ਜਾਣੇ! ਉਧਰ ਇਕ ਦਿਨ ਦੇਵਤਨੀ ਆਖਣ ਲੱਗੀ, ਸੁਆਮੀ, ਕਿਤੇ ਸਰਾਫ ਦੇ ਚੱਕਰ ਵਿਚ ਬੰਸਰੀ ਬਜਾਉਣੀ ਹੀ ਨਾ ਭੁੱਲ ਜਾਇਉ। ਦੇਵਤਾ ਬੋਲਿਆ, ਗੱਲ ਤਾਂ ਤੇਰੀ ਠੀਕ ਹੈ ਭਾਗਵਾਨੇ, ਰਾਤ ਨੂੰ ਚੋਰੀਉਂ ਦੋ ਕੁ ਤਾਨਾਂ ਕੱਢ ਲਵਾਂਗੇ। ਬੱਸ ਦੇਵਤਾ ਦੇ ਬੁੱਲ੍ਹਾਂ ਦਾ ਬੰਸਰੀ ਉੱਤੇ ਟਿਕਣਾ ਸੀ ਕਿ ਮੂਲ੍ਹੇਧਾਰ ਮੀਂਹ ਵਰ੍ਹ ਪਿਆ ਅਤੇ ਘੜੀਆਂ ਪਲਾਂ ਵਿਚ ਜਲ-ਥਲ ਇਕ ਹੋ ਗਿਆ! ਲੇਖਕ-ਪਾਠਕ ਮੈਨੂੰ ਲੱਖ ਨਿਰਾਸ਼ ਕਰਦੇ ਰਹਿਣ, ਮੈਂ ਕਿਸਾਨ-ਪੁੱਤਰ ਹਾਂ ਤੇ ਲੇਖਕ ਸਭਾ ਦੇ ਪਲਾਟ ਦੀ ਆਸ ਮੈਂ ਛੱਡਣੀ ਨਹੀਂ! ਕੀ ਪਤਾ, ਬਾਦਲ ਜੀ ਕਦੇ ਅਹਿਲਕਾਰਾਂ ਨੂੰ ਪੁੱਛ ਬੈਠਣ ਕਿ ਕੋਈ ਮੇਰਾ ਇਹੋ ਜਿਹਾ ਇਕਰਾਰ ਹੋਵੇ ਤਾਂ ਦੱਸੋ ਜਿਸ ਨੂੰ ਪੂਰਾ ਕਰਦਿਆਂ ਬਹੁਤੀ ਹਿੰਗ-ਫ਼ਟਕੜੀ ਨਾ ਲਗਦੀ ਹੋਵੇ ਤੇ ਕੋਈ ਉਨ੍ਹਾਂ ਨੂੰ ਇਸ ਇਕਰਾਰ ਦਾ ਚੇਤਾ ਕਰਵਾ ਦੇਵੇ! ਲੇਖਕ ਵਜੋਂ ਮੇਰਾ ਧਰਮ ਹੈ ਆਬਦੀ ਸਭਾ ਦਾ ਪਲਾਟ ਮੰਗਣਾ, ਦੇਣਾ ਜਾਂ ਨਾ ਦੇਣਾ ਬਾਦਲ ਜੀ ਦਾ ਧਰਮ ਹੈ! ਆਪਣਾ ਧਰਮ ਉਹ ਜਾਨਣ!


ਲੇਖਕ ਮਿੱਤਰੋ ਤੇ ਪਾਠਕ ਪਿਆਰਿਓ, ਮੈਨੂੰ ਨਿਰਾਸ਼ ਨਾ ਕਰੋ। ਮੈਂ ਨਿਰਾਸ਼ ਹੋਣਾ ਨਹੀਂ! ਜਦੋਂ ਬਾਬਾ ਬਾਲ ਨਾਥ ਜੋਗੀ ਆਪਣੇ ਮੁੰਡੇ ਰਾਂਝੇ ਨੂੰ ਜੋਗ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਉਹ ਵਡਿਆਉਂਦਾ ਹੈ: ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸਥੇ, ਨਜ਼ਰ ਆਵਨਾ ਏਂ ਜ਼ਾਹਰਾ ਪੀਰ ਮੀਆਂ। ਬਾਬਾ ਫੇਰ ਵੀ ਆਨਾ-ਕਾਨੀ ਕਰਦਾ ਹੈ: ਹੱਥ ਕੰਗਣਾ, ਪਹੁੰਚੀਆਂ ਫੱਬ ਰਹੀਆਂ, ਕੰਨੀਂ ਛਣਕਦੇ ਸੋਹਣੇ ਬੁੰਦੜੇ ਨੀ/ ਮੱਝ ਪੱਟ ਦੀਆਂ ਲੁੰਗੀਆਂ ਘਿੰਨ ਉੱਤੇ, ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੀ। ਅਰਥਾਤ, ਇਹ ਤੇਰੇ ਲੱਛਣ ਜੋਗ ਲੈਣ ਵਾਲੇ ਨੇ? ਬਾਦਲ ਜੀ ਲੱਖ ਆਖਦੇ ਰਹਿਣ: ਭੋਇੰ ਕਾਗ਼ਜ਼ ਅਤੇ ਸਾਗਰ ਬਣੇ ਸਿਆਹੀ, ਹੱਥ ਕਲਮ ਜਿਉਂ ਤਿੱਖੀ ਕਟਾਰ ਹੋਵੇ/ ਲਿਖਣ ਲੱਗੇ ਨਾ ਕਿਤੇ ਵੀ ਬੱਸ ਕਰਦੇ, ਆਸ ਕਿੱਲੇ ਦੀ ਕਿਵੇਂ ਸਾਕਾਰ ਹੋਵੇ! ਅਰਥਾਤ, ਇਹ ਤੁਹਾਡੇ ਲੱਛਣ ਪਲਾਟ ਲੈਣ ਵਾਲੇ ਨੇ? ਰਿਸ਼ੀ ਕਵੀ ਪੂਰਨ ਸਿੰਘ ਵੱਲੋਂ ਥਾਪੇ ਗਏ ਸਾਡੇ ਰਿਸ਼ਤੇ ਅਨੁਸਾਰ ਮੈਂ ਰਾਂਝੇ ਦਾ ਵੀਰ ਹਾਂ ਅਤੇ ਬਾਦਲ ਸਾਹਿਬ ਨੂੰ ਬੇਨਤੀ ਵਿਚ ਮੈਂ ਉਹੋ ਸ਼ਬਦ ਬੋਲ ਦੇਣੇ ਕਾਫ਼ੀ ਸਮਝਦਾ ਹਾਂ ਜੋ ਉਹਨੇ ਬਾਬੇ ਬਾਲ ਨਾਥ ਦੇ ਉਪਰੋਕਤ ਇਨਕਾਰ ਦੇ ਜਵਾਬ ਵਿਚ ਕਹੇ ਸਨ: ਜੋਗ ਦਿਉ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਉ 'ਤੇ ਘੁੰਡੀਆਂ ਚਾੜ੍ਹੀਆਂ ਨੇ/ ਏਸ ਜੱਟ ਗ਼ਰੀਬ ਨੂੰ ਤਾਰ  ਓਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ! ਅਰਥਾਤ, ਬਾਦਲ ਜੀ, ਹੁਣ ਤਾਂ ਸਭ ਜੇ-ਜੱਕਾਂ ਛੱਡ ਕੇ ਸਾਨੂੰ ਲੇਖਕਾਂ ਨੂੰ ਵੀ   ਕ੍ਰਿਕਟੀਆਂ, ਐਕਟਰਾਂ, ਡੇਰੇਦਾਰਾਂ ਤੇ ਸੰਗਤ-ਦਰਸ਼ਨੀਆਂ ਵਾਂਗੂੰ ਬੱਸ ਤਾਰ ਹੀ ਦਿਉ!


ਗੁਰਬਚਨ ਸਿੰਘ ਭੁੱਲਰ 
ਸੰਪਰਕ: 011-65736868
ਪੰਜਾਬੀ ਟ੍ਰਿਬਿਊਨ ਤੋਂ  ਗੈਰ-ਰਵਾਇਤੀ ਚੋਰੀ

ਸਵੀਡਿਸ਼ ਲੇਖਕ ਜਾਨ ਮਿਰਡਲ 'ਤੇ ਪਾਬੰਦੀ ਖ਼ਿਲਾਫ ਉੱਠੀਆਂ ਅਵਾਜ਼ਾਂ



ਜੰਗਲ 'ਚ ਮਾਓਵਾਦੀਆਂ ਨਾਲ ਜਾਨ ਮਿਰਡਲ
ਲੁਧਿਆਣਾ ਫੇਰੀ ਦੀ ਫੋਟੋ
ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਪ੍ਰੋਫੈਸਰ ਏ ਕੇ ਮਲੇਰੀ ਨੇ ਭਾਰਤ  ਦੇ ਗ੍ਰਹਿ ਮੰਤਰਾਲੇ ਵਲੋਂ ਪ੍ਰਸਿੱਧ ਸਵੀਡਿਸ਼ ਚਿੰਤਕ ਤੇ ਲੇਖਕ ਜਾਨ ਮਿਰਡਲ ਦੀ ਕਿਸੇ ਭਵਿੱਖੀ ਫੇਰੀ 'ਤੇ ਪਾਬੰਦੀ ਲਾਉਣ ਦੀ ਤਜਵੀਜ਼ ਨੂੰ ਚਿੰਤਾਜਨਕ ਅਤੇ ਗ਼ੈਰਜਮਹੂਰੀ ਕਰਾਰ ਦਿੱਤਾ ਹੈ। ਯਾਦ ਰਹੇ ਕਿ ਜਾਨ ਮਿਰਡਲ ਵਲੋਂ ਇਸ ਸਾਲ ਫਰਵਰੀ ਮਹੀਨੇ ਕਲਕੱਤਾ,ਹੈਦਰਾਬਾਦ, ਦਿੱਲੀ ਅਤੇ ਲੁਧਿਆਣਾ 'ਚ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨਾਲ ਰੂ-ਬ-ਰੂ ਸਮਾਗਮਾਂ ਵਿਚ ਆਪਣੇ ਨਿੱਜੀ ਤਜ਼ਰਬੇ ਦੇ ਅਧਾਰ 'ਤੇ ਭਾਰਤ ਦੇ ਮੌਜੂਦਾ ਹਾਲਾਤ  ਉੱਤੇ ਆਪਣੇ ਵਿਚਾਰ ਬੇਬਾਕੀ ਨਾਲ ਪੇਸ਼ ਗਏ ਸਨ। ਉਨ੍ਹਾਂ ਨੇ ਸਾਡੇ ਮੁਲਕ ਦੇ ਯਥਾਰਥ ਦੀ ਸੱਚੀ ਤਸਵੀਰ ਪੇਸ਼ ਕਰਦਿਆਂ ਕਿਹਾ ਸੀ ਕਿ ਭਾਰਤੀ ਰਾਜ ਵਲੋਂ ਆਦਿਵਾਸੀ ਲੋਕਾਂ ਵਿਰੁੱਧ 'ਓਪਰੇਸ਼ਨ ਗਰੀਨ ਹੰਟ' ਅਤੇ ਹੋਰ ਓਪਰੇਸ਼ਨ, ਕਾਰਪੋਰੇਟ ਜਗਤ ਦੇ ਮੁਨਾਫ਼ੇ ਅਤੇ ਲਾਲਚ ਦੇ ਨਿਰੋਲ ਆਰਥਕ ਤਰਕ ਚੋਂ ਲੋਕਾਂ ਭਾਰਤੀ ਲੋਕਾਂ ਉੱਪਰ ਥੋਪੇ ਜਾ ਰਹੇ ਹਨ। ਅਫਸੋਸ ਕਿ ਸਰਕਾਰ ਨੇ ਆਪਣੀ ਇਸ ਸੋਚਣੀ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਰਾਜ ਪ੍ਰਬੰਧ ਨੂੰ ਆਮ ਜਨਤਾ ਦੇ ਹਿੱਤ ਲਈ ਨਹੀਂ ਸਗੋਂ ਚੰਦ ਅਮੀਰਾਂ ਦੇ ਹਿੱਤ ਵਿਚ ਚਲਾ ਰਹੀ ਹੈ। 


ਸਭਾ ਦੇ ਆਗੂਆਂ ਨੇ ਇਕ ਸਮਝੌਤਾ ਰਹਿਤ ਸਾਮਰਾਜ ਵਿਰੋਧੀ ਚਿੰਤਕ ਵਜੋਂ ਜਾਨ ਮਿਰਡਲ ਦੀ 60 ਸਾਲ ਲੰਮੀ ਘਾਲਣਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੀਅਤਨਾਮ ਉੱਪਰ ਅਮਰੀਕਾ ਵਲੋਂ ਥੋਪੀ ਧਾੜਵੀ ਜੰਗ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਉਹ ਮੁੱਖ ਸ਼ਖਸੀਅਤ ਹਨ। 80 ਤੋਂ ਵੱਧ ਤਰੱਕੀਪਸੰਦ ਕਿਤਾਬਾਂ ਦੇ ਲੇਖਕ ਤੇ ਪ੍ਰਸਿੱਧ ਕਾਲਮਨਵੀਸ ਅਤੇ ਦੁਨੀਆ ਭਰ ਵਿਚ  ਸ਼ਹਿਰੀ ਆਜ਼ਾਦੀਆਂ ਤੇ ਮਨੁੱਖੀ ਹੱਕਾਂ ਦੀ ਰਾਖੀ ਦੇ ਮੁਜੱਸਮੇ ਵਜੋਂ ਜਾਣੇ ਜਾਂਦੇ ਜਾਨ ਮਿਰਡਲ ਦੀ ਸਾਡੇ ਮੁਲਕ ਵਿਚ ਆਮਦ ਨੂੰ ਰੋਕਣਾ ਘੋਰ ਗ਼ੈਰ-ਜਮਹੂਰੀ ਕਦਮ ਹੈ ਜੋ ਦਰਸਾਉਂਦਾ ਹੈ ਕਿ ਮੁਲਕ ਦੇ ਹੁਕਮਰਾਨ ਐਸੀ ਕਿਸੇ ਵੀ ਆਵਾਜ਼ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹਨ ਜੋ ਭਾਰਤੀ ਰਾਜ ਦੀਆਂ ਕਾਰਪੋਰੇਟ ਸਰਮਾਏਦਾਰੀ ਪੱਖੀ ਨੀਤੀਆਂ ਦੀ ਆਲੋਚਨਾ ਕਰਦੀ ਹੋਵੇ। 


ਭਾਰਤੀ ਰਾਜ ਵਲੋਂ ਕਿਸੇ ਤਰ੍ਹਾਂ ਦੇ ਜਮਹੂਰੀ ਵਿਰੋਧ ਨੂੰ ਮੁਜਰਮਾਨਾ ਬਣਾ ਦੇਣ ਅਤੇ ਸਥਾਪਤੀ ਦੇ ਵਿਰੋਧ ਦਾ ਗਲਾ ਘੁੱਟਣ ਦੇ ਤਿੱਖੇ ਹੋ ਰਹੇ ਤੇਵਰ ਸਾਡੇ ਸਮਾਜ ਅਤੇ ਜਮਹੂਰੀ ਕਦਰਾਂ-ਕੀਮਤਾਂ ਲਈ ਖ਼ਤਰੇ ਦੀ ਘੰਟੀ ਹਨ। ਇਸ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਮਨੁੱਖ ਦੇ ਬਿਹਤਰ ਜ਼ਿੰਦਗੀ ਲਈ ਜੂਝਣ ਅਤੇ ਰਾਜ ਪ੍ਰਬੰਧ ਦੀਆਂ ਗ਼ਲਤ ਨੀਤੀਆਂ ਨੂੰ ਰੱਦ ਕਰਨ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਭਨਾਂ ਜਮਹੂਰੀ ਤਾਕਤਾਂ ਨੂੰ ਇਕ ਆਵਾਜ਼ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਨ ਮਿਰਡਲ ਉੱਪਰ ਪਾਬੰਦੀ ਲਾਏ ਜਾਣ ਦੀ ਤਜਵੀਜ਼ ਤੁਰੰਤ ਰੱਦ ਕੀਤੀ ਜਾਵੇ।


ਜਾਰੀ ਕਰਤਾ:
ਪ੍ਰੋਫੈਸਰ ਜਗਮੋਹਣ ਸਿੰਘ (98140-01836)
ਪ੍ਰੋਫੈਸਰ ਏ ਕੇ ਮਲੇਰੀ (98557-0031)

ਸੀ ਪੀ ਐਮ ਤੇ ਕੇ ਪੀ ਐਸ ਗਿੱਲ ਵਲੋਂ ਪੰਜਾਬ ਦਾ ਘਾਣ

ਲੁਧਿਆਣਾ ਸੈਮੀਨਾਰ ਦਾ ਇਕ ਹੋਰ ਪ੍ਰਸੰਗ ਸਿੱਖ ਖਾੜਕੂ ਸੰਘਰਸ਼ ਅਤੇ ਖੱਬੇ-ਪੱਖੀ ਨੈਤਿਕਤਾ ਅਜਮੇਰ ਸਿੰਘ ਦੀਆਂ ਕਿਤਾਬਾਂ ਉਤੇ ਲੁਧਿਆਣਾ ਵਿਖੇ ਕੀਤੇ ਗਏ ਸੈਮੀਨਾਰ ਉਤੇ ਕਈ ਕਿਸਮ ਦੀਆਂ ਟਿੱਪਣੀਆਂ ਆ ਚੁੱਕੀਆਂ ਹਨ। ਕੁੱਝ ਟਿੱਪਣੀਕਾਰਾਂ ਨੇ ਇਹ ਤੱਥ ਉਭਾਰਿਆ ਹੈ ਕਿ ਸਿੱਖ ਖਾੜਕੂ ਸੰਘਰਸ਼ ਦੌਰਾਨ ਖੱਬੇ-ਪੱਖੀਆਂ ਨੇ ਜਿਹੜੀ ਸਿਧਾਂਤਕ ਸੇਧ ਅਪਣਾਈ ਉਹ ਭਾਰਤੀ ਸਟੇਟ ਦੇ ਪੱਖ ਵਿਚ ਭੁਗਤਦੀ ਸੀ। ਪਰ ਪਿੱਛੇ ਜਿਹੇ ਪੰਜਾਬ ਦੇ ਇਕ ਪ੍ਰਸਿੱਧ ਖੱਬੇ-ਪੱਖੀ ਲੀਡਰ ਵਲੋਂ ਲਿਖੀ ਗਈ ਸਵੈ-ਜੀਵਨੀ ਵਿਚ ਕੁੱਝ ਅਜਿਹੇ ਤੱਥ ਸਾਹਮਣੇ ਆਏ ਹਨ ਜਿਹਨਾਂ ਚੋਂ ਇਹ ਗੱਲ ਪ੍ਰਗਟ ਹੁੰਦੀ ਹੈ ਕਿ ਮਸਲਾ ਖੱਬੇ-ਪੱਖੀਆਂ ਵਲੋਂ ਸਿਧਾਂਤਕ ਪੱਧਰ
ਤੇ ਭਾਰਤੀ ਸਟੇਟ ਦਾ ਪੱਖ ਪੂਰਨ ਤਕ ਹੀ ਸੀਮਤ ਨਹੀਂ ਰਿਹਾ। ਜਦੋਂ ਪੰਜਾਬ ਪੁਲੀਸ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡ ਰਹੀ ਸੀ, ਉਦੋਂ ਖੱਬੇ-ਪੱਖੀ ਪੁਲਸੀ ਹਤਿਆਰਿਆਂ ਨਾਲ ਪੂਰਾ ਘਿਉ-ਖਿਚੜੀ ਹੋ ਕੇ ਚੱਲ ਰਹੇ ਸਨ ਅਤੇ 'ਅੱਤਵਾਦ ਵਿਰੁੱਧ ਲੜਾਈ' ਦੀ ਆੜ ਵਿਚ,ਸਦਾਚਾਰ ਨੂੰ ਛਿਕੇ ਟੰਗ ਕੇ, ਭਰਿਸ਼ਟਾਚਾਰ ਵਿਚ ਗਲਤਾਣ ਹੋ ਗਏ ਸਨ। ਉਹਨਾਂ ਨੇ 'ਅੱਤਵਾਦ ਵਿਰੁੱਧ ਲੜਾਈ' ਨੂੰ ਇਕ ਵਪਾਰ ਬਣਾ ਲਿਆ ਸੀ। ਹੇਠਾਂ ਪ੍ਰੋ: ਬਲਵੰਤ ਸਿੰਘ ਦੀ ਸਵੈ-ਜੀਵਨੀ 'ਅਣਮੁੱਕੀ ਵਾਟ' ਚੋਂ ਕੁੱਝ ਅੰਸ਼ ਦੇ ਰਿਹਾਂ ਹਾਂ ਜਿਹਨਾਂ ਚੋਂ ਪੰਜਾਬ ਦੇ ਖੱਬੇ-ਪੱਖੀ ਲੀਡਰਾਂ ਦਾ ਭਰਿਸ਼ਟ ਕਿਰਦਾਰ ਬਾਖੂਬ ਪਰਗਟ ਹੋ ਜਾਂਦਾ ਹੈ।

"ਕਾਮਰੇਡ ਸੁਰਜੀਤ ਨੇ ਗਵਰਨਰ, ਜੋ ਚੰਡੀਗੜ੍ਹ ਦਾ ਪ੍ਰਬੰਧਕ ਸੀ, ਦੋ ਥਾਵਾਂ ਅਲਾਟ ਕਰਵਾ ਲਈਆਂ ਸਨ। ਜਿਥੇ ਇਕ ਵਿਚ 'ਚੀਮਾ ਭਵਨ' ਅਤੇ ਦੂਜੇ ਵਿਚ 'ਭਕਨਾ ਭਵਨ' ਉਸਰਿਆ ਹੋਇਆ ਹੈ…..ਅੱਤਵਾਦ ਦੇ ਸਮੇਂ ਸਰਕਾਰ ਵਲੋਂ ਲੀਡਰਾਂ ਨੂੰ ਗੰਨਮੈਨ ਦਿਤੇ ਗਏ ਸਨ ਤਾਂ ਜੋ ਉਹਨਾਂ ਦੀ ਜਾਨ ਦੀ ਰਾਖੀ ਕੀਤੀ ਜਾ ਸਕੇ ਜੋ ਅੱਤਵਾਦ ਦੇ ਖਿਲਾਫ ਲੜ ਰਹੇ ਸਨ। ਸਰਕਾਰ ਨੇ ਜਿਸ ਮੀਟਿੰਗ ਵਿਚ ਗੰਨਮੈਨ ਦੇਣ ਦਾ ਫੈਸਲਾ ਕੀਤਾ ਸੀ ਉਸ ਵਿਚ ਨਾਲ ਗੱਡੀਆਂ ਅਤੇ ਨਾਲ ਹੀ ਗੱਡੀਆਂ ਦਾ ਪੈਟਰੋਲ ਦੇਣ ਦਾ ਵੀ ਫੈਸਲਾ ਕੀਤਾ ਸੀ। ਇਸ ਫੈਸਲੇ ਨੇ ਪੰਜਾਬ ਦੀਆਂ ਦੋਵੇਂ ਕਮਿਊਨਿਸਟ ਪਾਰਟੀਆਂ ਕਾਫੀ ਹੱਦ ਤਕ ਭਰਿਸ਼ਟਾਚਾਰ ਦਾ ਸ਼ਿਕਾਰ ਬਣਾ ਦਿਤੀਆਂ, ਜਿਸ ਦੀਆਂ ਮੇਰੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਹਨ। ਪੰਜਾਬ ਦੁ ਕਈ ਆਗੂਆਂ ਨੇ ਆਪਣੇ ਰਿਸ਼ਤੇਦਾਰ ਗੰਨਮੈਨ ਰੱਖ ਲਏ। ਆਪਣੀਆਂ ਗੱਡੀਆਂ ਕਿਰਾਏ ਤੇ ਦਿਖਾਕੇ ਅਤੇ ਪੈਟਰੋਲ ਦੇ ਫਰਜੀ ਬਿਲ ਦਿਖਾ ਕੇ ਭਰਿਸ਼ਟਾਚਾਰ
ਕੀਤਾ। ਜਿਸ ਵਿਚ ਕਈ ਮੂਹਰਲੀ ਕਤਾਰ ਦੇ ਆਗੂ ਵੀ ਸ਼ਾਮਲ ਹਨ।

ਜਿਥੇ ਇਹ ਭਰਿਸ਼ਟਾਚਾਰ ਕੀਤਾ ਗਿਆ, ਉਧਰ ਇਹ ਗੱਲ ਕੁਦਰਤੀ ਹੈ ਕਿ ਇਕ ਭਰਿਸ਼ਟਾਚਾਰ ਕਈ ਭਰਿਸ਼ਟਾਚਾਰਾਂ ਨੂੰ ਜਨਮ ਦਿੰਦਾ ਹੈ।ਕਮਿਊਨਿਸਟ ਪਾਰਟੀਆਂ ਵਿਚ ਗੰਨਮੈਨਾਂ ਦੀ ਆਮਦ ਨੇ ਇਹਨਾਂ ਦਾ ਹੁਲੀਆ ਹੀ ਵਿਗਾੜ ਕੇ ਰੱਖ ਦਿਤਾ"। (ਵੇਖੋ ਸਫੇ ੭੪-੭੫)

ਪ੍ਰੋ: ਬਲਵੰਤ ਸਿੰਘ ਕਾਮਰੇਡ ਹਰਕਿਸ਼ਨ ਸੁਰਜੀਤ ਦਾ ਖਾਸੋ-ਖਾਸ ਮੰਨਿਆ ਜਾਂਦਾ ਸੀ। ਉਸ ਨੇ ਕਿਤਾਬ ਵਿਚ ਮੰਨਿਆ ਹੈ ਕਿ ਪਾਰਟੀ ਦੇ ਇਕ ਵੱਡੇ ਵਰਗ ਨੇ ਕਾਮਰੇਡ ਸੁਰਜੀਤ ਉਤੇ ਭਰਿਸ਼ਟਾਚਾਰ ਦੇ ਸਿੱਧੇ ਦੋਸ਼ ਲਾਏ ਸਨ। ਇਕ ਦੋਸ਼ ਇਹ ਸੀ ਕਿ ਕਾਮਰੇਡ ਸੁਰਜੀਤ ਨੇ ਸਰਕਾਰ ਨਾਲ ਆਪਣੀ ਨੇੜਤਾ ਕਰਕੇ ਪੰਜਾਬ ਅੰਦਰ ਆਪਣੀ ਪਸੰਦ ਦਾ ਗਵਰਨਰ ਨਿਯੁਕਤ ਕਰਵਾਇਆ ਸੀ ਅਤੇ ਨਾਲ ਹੀ ਵਾਈਸ ਚਾਂਸਲਰ ਸਮੇਤ ਉਤਲੇ ਪੱਧਰ ਤੇ ਕਈ ਨਿਯੁਕਤੀਆਂ ਕਰਵਾਈਆਂ ਸਨ। ਆਪਣੀ ਪਸੰਦ ਦੇ ਗਵਰਨਰ ਕੋਲੋਂ ਕਾਮਰੇਡ ਸੁਰਜੀਤ ਨੇ ਕਿਹੋ ਜਿਹੇ ਲਾਹੇ ਲਏ ਅਤੇ ਉਸ ਦੀ ਸਿਫਾਰਸ਼ ਉਤੇ ਨਿਯੁਕਤ ਕੀਤੇ ਗਏ ਕਾਮਰੇਡ-ਨੁਮਾ ਵਾਈਸ ਚਾਂਸਲਰ ਨੇ ਕਾਮਰੇਡ ਸੁਰਜੀਤ ਤੇ ਉਸ ਦੀ ਵਿਚਾਰਧਾਰਾ ਦੀ ਸੇਵਾ ਕਿਵੇਂ ਕੀਤੀ, ਯੂਨੀਵਰਸਿਟੀ ਅੰਦਰ ਕਿਹੋ ਜਿਹੇ ਪ੍ਰੋਜੈਕਟਾਂ ਉਤੇ ਕੰਮ ਕਰਵਾਇਆ ਅਤੇ ਕਿਸ ਤਰ੍ਹਾਂ ਆਪਣੇ ਚਹੇਤਿਆਂ ਦੀਆਂ ਨਿਯੁਕਤੀਆਂ ਕੀਤੀਆਂ, ਇਹ ਸਾਰਾ ਚਿੱਠਾ ਸਾਹਮਣੇ ਆਉਣਾ ਚਾਹੀਦਾ ਹੈ। ਪ੍ਰੋ: ਉਰਫ ਕਾਮਰੇਡ ਬਲਵੰਤ ਸਿੰਘ ਨੇ ਸਾਫ ਲਿਖਿਆ ਹੈ ਕਿ ਇਹਨਾਂ ਦੋਸ਼ਾਂ ਬਾਰੇ 'ਵਿਸਥਾਰ ਵਿਚ ਜ਼ਿਕਰ ਕਰਨਾ ਆਪਣਾ ਢਿੱਡ ਨੰਗਾ ਕਰਨ ਵਾਲੀ ਗੱਲ ਹੋ ਜਾਂਦੀ ਹੈ' (ਸਫਾ ੭੯)। ਪਰ ਇਹ ਢਿੱਡ ਹੁਣ ਨੰਗਾ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ 'ਅੱਤਵਾਦ' ਵਿਰੁੱਧ ਲੜਾਈ ਦੇ ਨਾਂ ਤੇ ਕਾਮਰੇਡਾਂ ਨੇ ਕਿਹੜੇ ਗੁਲ ਖਿਲਾਏ ਹਨ। ਲੇਖਕ ਨੇ ਇਹ ਸਾਫ ਮੰਨਿਆ ਹੈ ਕਿ ਪੰਜਾਬ ਪੁਲੀਸ ਦੇ ਬਹੁਤ ਹੀ ਉਪਰਲੇ ਪੱਧਰ ਦੇ ਅਫਸਰ ਪਾਰਟੀ ਦਾ ਪੈਸਾ, ਜਿਹੜਾ ਬੋਰੀਆਂ ਵਿਚ ਭਰਿਆ ਹੁੰਦਾ ਸੀ, ਇਕ ਥਾਂ ਤੋਂ ਦੂਜੀ ਥਾਂ ਢੋਣ ਵਿਚ ਪਾਰਟੀ ਦੀ ਮੱਦਦ ਕਰਦੇ ਰਹੇ।

ਪਾਰਟੀ ਦੇ ਵੱਡੇ ਵਰਗ ਨੇ ਇਹ ਸੁਆਲ ਉਠਾਇਆ ਕਿ ਏਨਾ ਪੈਸਾ ਪਾਰਟੀ ਕੋਲ ਕਿਥੋਂ ਆਉਂਦਾ ਰਿਹਾ, ਤੇ ਆਈ ਪੀ ਐਸ ਲੈਵਲ ਦੇ ਅਫਸਰ ਇਹ ਪੈਸਾ ਕਿਉਂ ਢੋਂਦੇ ਰਹੇ? ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਪ੍ਰੋ: ਬਲਵੰਤ ਸਿੰਘ ਇਸ ਦੋਸ਼ ਨੂੰ ਨਕਾਰ ਨਹੀਂ
ਸਕਿਆ। ਇਹਨਾਂ ਸੁਆਲਾਂ ਦੇ ਤਸੱਲੀਬਖਸ਼ ਜੁਆਬ ਮਿਲਣੇ ਚਾਹੀਦੇ ਹਨ। ਕਾਮਰੇਡ ਸੁਰਜੀਤ ਦੀ ਕੇ ਪੀ ਐਸ ਗਿੱਲ ਨਾਲ ਨੇੜਤਾ ਤੋਂ ਸਾਰੇ ਲੋਕ ਜਾਣੂੰ ਹਨ। ਪਰ ਲੁਧਿਆਣੇ ਜਿਸ ਕਿਤਾਬ ਉਤੇ ਚਰਚਾ ਸੀ, ਉਸ ਕਿਤਾਬ ਦੇ ਸੰਪਾਦਕਾਂ ਦੇ ਕੇ ਪੀ ਐਸ ਗਿੱਲ ਅਤੇ ਐਮ ਕੇ ਧਰ ਨਾਲ ਸਬੰਧਾਂ ਦਾ ਰਹੱਸ ਵੀ ਸਾਹਮਣੇ ਆਉਣਾ ਚਾਹੀਦਾ ਹੈ।

ਬਲਜੀਤ ਸਿੰਘ ਮੋਹਾਲੀ

ਤੇ ਹੁਣ ਸਟਾਫ਼ ਰਿਪੋਰਟਰ ਅਜੈਬ ਸਿੰਘ ਮੋਰਾਂਵਾਲੀ ਨੇ ਕੀਤਾ ਸਪੋਕਸਮੈਨ ਦੀ ਸਿੱਖ ਵਿਰੋਧੀ ਕਰਤੂਤ ਦਾ ਪਰਦਾਫ਼ਾਸ

ਸਚ ਸੁਣਾਇਸੀ ਸਚ ਕੀ ਬੇਲਾ' ਦਾ ਲੋਗੋ ਲਗਾ ਕੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਲ ਪੈਰੋਕਾਰ ਹੋਣ ਦਾ ਢੌਂਗ ਕਰ ਰਹੇ ਮੋਹਾਲੀ ਤੋਂ ਪ੍ਰਕਾਸਿਤ ਹੁੰਦੇ ਪੰਜਾਬੀ ਅਖ਼ਬਾਰ ਸਪੋਕਸਮੈਨ ਦੇ ਨਕਲੀ ਮਖੌਟੇ ਨੂੰ ਪਹਿਲਾਂ ਵੀ ਉਸ ਵਿਚ ਕੰਮ ਕਰ ਚੁੱਕੇ ਕਈ ਪੱਤਰਕਾਰ ਨੰਗਾ ਕਰ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਸੰਗਰੂਰ ਤੋਂ ਪਿਛਲੇ ਲੰਮੇ ਸਮੇਂ ਤੋਂ ਸਪੋਕਸਮੈਨ ਵਿਚ ਬਤੌਰ ਏ ਸਟਾਫ਼ ਰਿਪੋਰਟਰ ਕੰਮ ਕਰ ਰਹੇ ਸਰਦਾਰ ਅਜੈਬ ਸਿੰਘ ਮੋਰਾਂਵਾਲੀ ਨੇ ਇਕ ਚਿੱਠੀ ਰਾਹੀਂ ਬਹੁਤ ਸਨਸ਼ਨੀਖੇਜ਼ ਸੱਚ ਸਾਹਮਣੇ ਲਿਆਂਦਾ ਹੈ ਕਿ ਸਪੋਕਸਮੈਨ ਕਿਸ ਤਰ੍ਹਾਂ ਡੇਰੇਦਾਰਾਂ ਵਿਰੁੱਧ ਸਿੱਖ ਕੌਮ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਆਪ ਉਹਨਾਂ ਡੇਰੇਦਾਰਾਂ ਕੋਲੋਂ ਮੋਟੀ ਮਾਇਆ ਬਟੋਰ ਰਿਹਾ ਹੈ। ਅਖ਼ਬਾਰ ਦੇ ਸੰਪਾਦਕ ਦੇ ਨਾਮ ਲਿਖੀ ਇਸ ਚਿੱਠੀ 'ਜਿਸ ਨੂੰ ਸ੍ਰ. ਮੋਰਾਂਵਾਲੀ ਨੇ ਜਨਤਕ ਕੀਤਾ ਹੈ, ਵਿਚ ਲਿਖਿਆ ਗਿਆ ਹੈ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਢੋਲਕੀ ਮਾਸਟਰ ਸੁਖਵਿੰਦਰ ਸਿੰਘ ਨੇ ਇੱਕ ਸੀ. ਡੀ. ਰਾਹੀਂ ਡੇਰੇ 'ਚ ਹੋ ਰਹੇ ਸਿੱਖ ਵਿਰੋਧੀ ਕਾਰਨਾਮਿਆਂ ਬਾਰੇ ਖੁਲਾਸਾ ਕੀਤਾ ਸੀ ਅਤੇ ਸਪੋਕਸਮੈਨ ਵਿਚ ਖ਼ਬਰ ਬਣਾਉਣ ਲਈ ਇਹ ਸੀ.ਡੀ. ਉਨ੍ਹਾਂ ਪਾਸ ਭੇਜੀ ਸੀ। ਸ੍ਰ. ਮੋਰਾਂਵਾਲੀ ਨੇ ਲਿਖਿਆ ਕਿ ਉਨ੍ਹਾਂ ਇਸ ਸੀ. ਡੀ. 'ਤੇ ਅਧਾਰਿਤ ਇੱਕ ਖ਼ਬਰ ਬਣਾਕੇ ਸਪੋਕਸਮੈਨ ਅਖ਼ਬਾਰ ਨੂੰ ਭੇਜੀ, ਪਰ ਉਹ ਵਾਰ ਵਾਰ ਭੇਜਣ 'ਤੇ ਵੀ ਪ੍ਰਕਾਸ਼ਿਤ ਨਾ ਹੋਈ। ਇਸ ਉਪਰੰਤ ਕੁੱਝ ਜਾਗਰੂਕ ਸਿੱਖਾਂ ਨੇ ਇਹ ਸੀ. ਡੀ. ਸਪੋਕਸਮੈਨ ਅਖ਼ਬਾਰ ਦੇ ਜ਼ਿਲ੍ਹਾ ਸੰਗਰੂਰ ਦੇ ਇੰਚਾਰਜ ਗੁਰਦਰਸ਼ਨ ਸਿੰਘ ਸਿੱਧੂ ਨੂੰ ਸੌਂਪ ਦਿੱਤੀ, ਪਰ ਉਸ ਨੇ ਪੱਤਰਕਾਰਤਾ ਦੇ ਸਾਰੇ ਅਸੂਲਾਂ ਦਾ ਘਾਣ ਕਰਦਿਆਂ, ਉਲਟਾ ਇਹ ਸੀ. ਡੀ. ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੌਂਪ ਦਿੱਤੀ। ਇਸ ਨਾਲ ਢੋਲਕੀ ਮਾਸਟਰ ਸੁਖਵਿੰਦਰ ਸਿੰਘ ਨੂੰ ਦੁਬਾਰਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤਸ਼ਦੱਦ ਦਾ ਸਾਹਮਣਾ ਕਰਨਾ ਪਿਆ, ਪਰ ਉਲਟਾ ਸਪੋਕਸਮੈਨ ਅਖ਼ਬਾਰ ਵਿਚ ਢੱਡਰੀਆਂ ਵਾਲੇ ਦੇ ਇਸ਼ਤਿਹਾਰ ਅਤੇ ਖ਼ਬਰਾਂ ਪ੍ਰਮੁੱਖਤਾ ਨਾਲ ਛਪਣ ਲੱਗੀਆਂ। ਸਿੱਖ ਵਿਰੋਧੀ ਅਤੇ ਪੱਤਰਕਾਰਤਾ ਦਾ ਘਾਣ ਕਰਦੀ ਇਸ ਘਟਨਾ ਵਿਚ ਅਖ਼ਬਾਰ ਦੇ ਸੰਪਾਦਕ ਦੀ ਪੂਰੀ ਮਿਲੀਭੁਗਤ ਵੀ ਇਸ ਚਿੱਠੀ ਰਾਹੀਂ ਨੰਗੀ ਕੀਤੀ ਗਈ ਹੈ। ਇਥੇ ਕਾਬਲੇ ਜ਼ਿਕਰ ਹੈ ਕਿ 'ਰੋਸ ਨਾ ਕੀਜੈ ਉਤਰ ਦੀਜੈ ਦਾ ਢਿੰਡੋਰਾ ਪਿੱਟਣ ਵਾਲੇ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਵਲੋਂ ਇਸ ਚਿੱਠੀ ਦਾ ਜਵਾਬ ਵੀ ਸ਼ਾਇਦ ਪਹਿਲੀਆਂ ਚਿੱਠੀਆਂ ਦੀ ਤਰਾਂ ਕਦੇ ਵੀ ਨਹੀਂ ਦਿੱਤਾ ਜਾਵੇਗਾ।
    ............................................................................................................................................
ਅਜੈਬ ਸਿੰਘ ਮੋਰਾਂਵਾਲੀ ਵਲੋਂ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਨੂੰ ਲਿਖੀ ਚਿੱਠੀ ਦਾ ਮੂਲ ਉਤਾਰਾ ਅਤੇ ਅਸਲ ਚਿੱਠੀ ਹੇਠਾਂ ਦੇਖੀ ਜਾ ਸਕਦੀ ਹੈ।
.                                    ...............................................................................
ਸਤਿਕਾਰਯੋਗ,
ਸਰਦਾਰ ਜੋਗਿੰਦਰ ਸਿੰਘ ਜੀ,
ਗੁਰ ਫ਼ਤਿਹ ਪ੍ਰਵਾਨ ਕਰਨਾ ਜੀ,
ਬੇਨਤੀ ਹੈ ਕਿ ਮੈਂ ਸਪੋਕਸਮੈਨ ਅਖ਼ਬਾਰ ਨਾਲ ਸ਼ੁਰੂ ਤੋਂ ਹੀ ਬਤੌਰ ਸਟਾਫ਼ ਰਿਪੋਰਟਰ ਕੰਮ ਕਰ ਰਿਹਾ ਹਾਂ। ਤੁਹਾਡੇ ਵਿਚਾਰਾਂ ਨਾਲ ਸਾਂਝ, ਅਖ਼ਬਾਰ ਸ਼ੁਰੂ ਹੋਣ ਤੋਂ ਕਈ ਸਾਲ ਪਹਿਲਾਂ ਤੋਂ ਹੀ ਸੀ। ਆਪਦੇ ਵਿਚਾਰ ਸਦਾ ਹੀ ਡੇਰੇਦਾਰਾਂ ਦੇ ਖ਼ਿਲਾਫ਼ ਰਹੇ ਹਨ। ਜਿਸ ਦੀ ਹਰੇਕ ਸੂਝਵਾਨ ਸਿੱਖ ਕਦਰ ਕਰਦਾ ਰਿਹਾ ਹੈ। ਡੇਰੇਦਾਰਾਂ ਅਤੇ ਰਾਜਨੀਤਿਕ ਆਗੂਆਂ ਵਲੋਂ ਸਿੱਖੀ ਵਿੱਚ ਜੋ ਗੰਧਲਾਪਣ ਲਿਆਂਦਾ ਹੈ, ਉਸ ਵਾਰੇ ਆਪ ਨੇ ਹਮੇਸ਼ਾ ਖੁੱਲਕੇ ਲਿਖਿਆ, ਜਿਸ ਕਾਰਨ ਪਾਠਕਾਂ ਦਾ ਇਕ ਮੰਚ ਤਿਆਰ ਹੋ ਗਿਆ, ਜਿਸ ਬਾਰੇ 29 ਅਪ੍ਰੈਲ ਦੇ ਵਿਸ਼ਾਲ ਇੱਕਠ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਇਸੇ ਲੜੀ ਵਿਚ ਆਪ ਜੀ ਦੀ ਅਗਵਾਈ ਵਿਚ ਦਾਸ ਨੇ ਵੀ ਡੇਰੇਦਾਰਾਂ ਖ਼ਿਲਾਫ਼ ਜਿਵੇਂ ਬਾਬਾ ਰਣਜੀਤ ਸਿੰਘ ਢੱਡਰੀਆਂ ਨੇ ਕ੍ਰਿਪਾਨ ਨਾਲ ਕੇਕ ਕਟਿਆ ਹੋਵੇ, ਭਾਵੇਂ ਜੋਰਾ ਸਿੰਘ ਬੱਧਨੀ ਵਾਲਾ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਕਾਫ਼ਲੇ ਨਾਲ ਅਪਣੇ ਲੜਕੇ ਨੂੰ ਵਿਆਹੁਣ ਗਿਆ ਹੋਵੇ ਜਾਂ ਬਲਵੰਤ ਸਿੰਘ ਸਿਹੋੜੇ ਵਾਲਾ ਦੋ ਕ੍ਰਿਪਾਨਾਂ ਪਹਿਣਕੇ ਹਨੂੰਮਾਨ ਦਾ ਗਦਾ ਸਟੇਜ 'ਤੇ ਘੁੰਮਾਉਂਦਾ ਹੋਵੇ, ਬਾਬਾ ਬੂਟਾ ਸਿੰਘ ਗੁੜਥਲੀ ਵਾਲਾ ਅਖ਼ਬਾਰ ਦੇ ਖ਼ਿਲਾਫ਼ ਬੋਲਦਾ ਹੋਵੇ ਜਾਂ ਅਲਹੋਰਾਂ ਵਾਲਾ, ਹਰਦੇਵ ਸਿੰਘ ਲੂਲੋਵਾਲਾ, ਮਾਨ ਸਿੰਘ ਪਹੋਵੇ ਵਾਲਾ ਆਦਿ ਬਾਬੇ ਸਿੱਖੀ ਤੋਂ ਉਲਟ ਕਾਰਨਾਮੇਂ ਕਰ ਰਹੇ ਹੋਣ, ਖ਼ਬਰਾਂ ਰਾਹੀਂ ਆਪ ਜੀ ਦੀ ਯੋਗ ਅਗਵਾਈ ਸਦਕਾ ਪਾਠਕਾਂ ਤਕ ਪਹੁੰਚਾਇਆ। ਮਸਤੂਆਣੇ ਵਿਖੇ ਨਕਲੀ ਹਰਿਮੰਦਰ, ਜੋ ਕਿ ਹਰਿਮੰਦਰ ਸਾਹਿਬ ਦੀ ਨਕਲ 'ਤੇ ਬਣਾਏ ਜਾਣ ਤੇ ਲੋਕਾਂ ਨੂੰ ਜਾਣੂ ਕਰਵਾਇਆ। ਜਿਸ ਦਿਨ ਸੌਦਾ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ, ਉਸੇ ਦਿਨ ਤੋਂ ਅੱਜ ਤਕ ਖ਼ਬਰਾਂ ਲਾਉਂਦਾ ਰਿਹਾ ਹਾਂ, ਭਾਵੇਂ ਮੈਨੂੰ ਧਮਕੀਆਂ ਵੀ ਮਿਲੀਆਂ ਪ੍ਰੰਤੂ ਆਪ ਜੀ ਦੇ ਹੌਂਸਲੇ ਬੁਲੰਦ ਦੇਖ ਕੇ ਆਪ ਜੀ ਦੀ ਅਗਵਾਈ ਵਿਚ ਖ਼ਬਰਾਂ ਇਕ ਨਿਧੜਕ ਪੱਤਰਕਾਰ ਦੇ ਤੌਰ 'ਤੇ ਬਿਨ੍ਹਾਂ ਕਿਸੇ ਲਾਲਚ ਦੇ ਲਾਈਆਂ। ਜਿਸ ਕਾਰਨ ਸਿੱਖਾਂ ਅਤੇ ਹਰ ਪੰਜਾਬੀ ਨੂੰ ਜਾਗਰੂਕ ਕਰਵਾਉਣ ਵਿਚ ਤੁੱਛ ਹਿੱਸਾ ਪਾਇਆ। ਅੱਜ ਪੂਰੇ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਸੰਗਰੂਰ ਪਟਿਆਲਾ ਰੋਡ 'ਤੇ ਸਥਿਤ ਪ੍ਰਮੇਸ਼ਵਰ ਦੁਆਰ ਨਾਮ ਦਾ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ, ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਸ ਨੇ ਪੁਲਿਸ ਰਾਹੀਂ ਸੁਖਵਿੰਦਰ ਸਿੰਘ ਨਾਮੀ ਸਾਬਕਾ ਉਸ ਦਾ ਢੋਲਕੀ ਮਾਸਟਰ ਨੂੰ ਚੁਕਾ ਕਿ ਪੁਲਿਸ ਵਲੋਂ ਉਸ ਉਪਰ ਅਣਮਨੁੱਖੀ ਤਸ਼ਦਦ ਢਾਹਿਆ ਹੈ। ਪਿਛਲੇ ਦਿਨੀਂ ਇਕ ਵਾਰ ਨਹੀਂ ਕਈ ਵਾਰ ਸੁਖਵਿੰਦਰ ਸਿੰਘ ਨੇ ਸੰਗਰੂਰ ਵਿਖੇ ਪ੍ਰਸ਼ਾਸਨ ਅੱਗੇ ਉਸ ਉਪਰ ਹੋਏ ਤਸ਼ਦਦ ਬਾਰੇ ਬਿਆਨ ਦਰਜ ਕਰਵਾਏ। ਉਨ੍ਹਾਂ ਦਿਨਾਂ ਵਿਚ ਹਰੇਕ ਦੀ ਨਜ਼ਰ ਸਪੋਕਸਮੈਨ ਅਖ਼ਬਾਰ 'ਤੇ ਸੀ, ਖ਼ਬਰਾਂ ਲਗਾਤਾਰ ਭੇਜੀਆਂ ਗਈ, ਪ੍ਰੰਤੂ ਅਖ਼ਬਾਰ ਵਿਚ ਖ਼ਬਰਾਂ ਨਹੀਂ ਲੱਗੀਆਂ। ਸਗੋਂ ਭਵਾਨੀਗੜ੍ਹ ਤੋਂ ਗੁਰਦਰਸ਼ਨ ਸਿੰਘ ਸਿੱਧੂ ਦੀ ਢੱਡਰੀਆਂ ਵਾਲੇ ਦੇ ਹੱਕ ਵਿਚ ਤਾਂ ਖ਼ਬਰ ਲੱਗੀ। ਇਸ ਤੋਂ ਅੱਗੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਖਵਿੰਦਰ ਸਿੰਘ 'ਤੇ ਹੋਏ ਤਸ਼ਦਦ ਬਾਰੇ ਦਸਣਾ ਚਾਹਾਂਗਾ ਕਿ ਕਿਵੇਂ ਅਤੇ ਕਿਉਂ ਉਸ 'ਤੇ ਦੁਬਾਰਾ ਪੁਲਿਸ ਰਾਹੀਂ ਢੱਡਰੀਆਂ ਵਾਲੇ ਨੇ ਤਸ਼ੱਦਦ ਕਰਵਾਇਆ। ਤਕਰੀਬਨ ਇਕ ਸਾਲ ਪਹਿਲਾਂ ਦੀ ਗੱਲ ਹੈ ਕਿ ਸੁਖਵਿੰਦਰ ਸਿੰਘ ਢੋਲਕੀ ਮਾਸਟਰ ਅਤੇ 6-7 ਹੋਰ ਸੇਵਾਦਾਰਾਂ ਨੂੰ ਪਟਿਆਲੇ ਦੀ ਪੁਲਿਸ ਵਲੋਂ ਢੱਡਰੀਆਂ ਵਾਲੇ ਦੇ ਡੇਰੇ ਤੋਂ ਚੁਕ ਕਿ ਸੀ. ਆਈ. ਸਟਾਫ਼ ਪਟਿਆਲਾ ਵਿਖੇ ਲਿਜਾ ਕੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਤੋਂ ਢੱਡਰੀਆਂ ਵਾਲੇ ਦੇ ਦੋ ਕਰੋੜ ਰੂਪੈ ਚੋਰੀ ਹੋਣ ਬਾਰੇ ਪੁਛਿਆ ਗਿਆ। ਕੁੱਝ ਦਿਨ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਡੇਰੇ ਲਿਆ ਕਿ ਉਨ੍ਹਾਂ ਨੂੰ ਘਰੇ ਭੇਜ ਦਿਤਾ। ਦਾਸ ਨੂੰ ਜਸਵੰਤ ਸਿੰਘ ਖ਼ਾਲਸਾ 'ਜੋ ਏਕਨੂਰ ਖ਼ਾਲਸਾ ਫ਼ੌਜ ਦਾ ਜ਼ਿਲ੍ਹਾ ਪ੍ਰਧਾਨ ਹੈ, ਉਸ ਨੇ ਖ਼ਬਰ ਲਾਉਣ ਬਾਰੇ ਕਿਹਾ ਤਾਂ ਮੈਂ ਉਸ ਨੂੰ ਬਿਨ੍ਹਾਂ ਸਬੂਤ ਦੇ ਖ਼ਬਰ ਲਾਉਣ ਤੋਂ ਇਨਕਾਰ ਕਰ ਦਿਤਾ ਤਾਂ ਉਸਨੇ ਕੁੱਝ ਦਿਨ ਬਾਅਦ ਸੁਖਵਿੰਦਰ ਸਿੰਘ ਦੇ ਬਿਆਨਾਂ ਦੀ ਵੀ. ਡੀ.ਓ ਰਿਕਾਰਡਿੰਗ ਦੀ ਸੀ. ਡੀ. ਲਿਆ ਕੇ ਦਿੱਤੀ, ਜਿਸ ਵਿਚ ਢੱਡਰੀਆਂ ਵਾਲੇ ਡੇਰੇ ਵਿਚ ਸੇਵਾਦਾਰਾਂ ਦੇ ਅਸਲੀਲ ਕਿੱਸੇ, ਬਲਾਤਕਾਰਾਂ ਬਾਰੇ ਅਤੇ ਢੱਡਰੀਆਂ ਵਾਲੇ ਵਲੋਂ ਪੁਲਿਸ ਰਾਹੀਂ ਸੁਖਵਿੰਦਰ ਸਿੰਘ 'ਤੇ ਤਸ਼ਦਦ ਕਰਾਏ ਜਾਣ ਬਾਰੇ ਦੱਸਿਆ ਗਿਆ ਸੀ। ਮੈਂ ਖ਼ਬਰ ਭੇਜੀ ਪ੍ਰੰਤੂ ਖ਼ਬਰ ਨਹੀਂ ਲੱਗੀ। ਇਸ ਤੋਂ ਬਾਅਦ ਜਸਵੰਤ ਸਿੰਘ ਖ਼ਾਲਸਾ ਮੁਤਾਬਕ ਉਸਨੇ ਉਹੀ ਸੀ. ਡੀ. ਸਪੋਕਸਮੈਨ ਦੇ ਜ਼ਿਲ੍ਹਾ ਇੰਚਾਰਜ਼ ਅਤੇ ਭਵਾਨੀਗੜ੍ਹ ਤੋਂ ਪੱਤਰਕਾਰ ਗੁਰਦਰਸ਼ਨ ਸਿੰਘ ਸਿੱਧੂ ਨੂੰ ਦਿੱਤੀ, ਜੋ ਉਸਨੇ ਅੱਗੇ ਢੱਡਰੀਆਂ ਵਾਲੇ ਨੂੰ ਦੇ ਦਿੱਤੀ, ਸ਼ਾਇਦ ਇਸੇ ਇਵਜ਼ ਵਿਚ ਕੋਈ ਆਰਥਿਕ ਮਦਦ ਲੈ ਲਈ ਹੋਵੇ, ਜੋ ਹੁਣ ਸੁਖਵਿੰਦਰ ਸਿੰਘ 'ਤੇ ਦਾਬਰਾ ਤਸ਼ਦੱਦ ਹੋਇਆ ਹੈ, ਉੁਸ ਦਾ ਕਾਰਨ ਉਹੀ ਸੀ.ਡੀ. ਹੈ, ਜਿਸ ਵਿਚ ਢੱਡਰੀਆਂ ਵਾਲੇ ਦੇ ਡੇਰੇ ਵਿਚ ਹੋ ਰਹੇ ਕਾਰਨਾਮਿਆਂ ਦਾ ਪਰਦਾਫ਼ਾਸ ਕੀਤਾ ਗਿਆ ਸੀ। ਇਸੇ ਡਰ ਦੇ ਕਾਰਨ ਕਿ ਉਸ ਦਾ ਪਰਦਾਫ਼ਾਸ ਨਾ ਹੋ ਜਾਵੇ। ਇਸੇ ਹੀ ਡਰ ਕਾਰਨ ਪੁਲਿਸ ਰਾਹੀਂ ਢੱਡਰੀਆਂ ਵਾਲੇ ਨੇ ਸੁਖਵਿੰਦਰ ਸਿੰਘ 'ਤੇ ਦੁਬਾਰਾ ਤਸ਼ਦਦ ਕਰਵਾਇਆ ਅਤੇ ਉਸ ਦੇ ਕੇਸ ਕਤਲ ਕਰਵਾਏ। ਇਸ ਸੀ. ਡੀ. ਦਾ ਖ਼ੁਲਾਸਾ ਜਸਵੰਤ ਸਿੰਘ ਨੇ ਪ੍ਰਸੋਤਮ ਸਿੰਘ ਫੱਗੂਵਾਲਾ ਮੀਤ ਪ੍ਰਧਾਨ ਅਕਾਲੀ ਦਲ ਦਿੱਲੀ, ਸੱਤਪਾਲ ਸਿੰਘ ਦੁਗਰੀ ਫ਼ਤਹਿ ਮਲਟੀ ਮੀਡੀਆ, ਰਾਜ ਸਿੰਘ ਸ਼ਹਿਣਾ ਏਕਸ ਕੇ ਬਾਰਕ ਤੋਂ ਇਲਾਵਾ ਹੋਰ ਕਈ ਵਿਅਕਤੀਆਂ ਸਾਹਮਣੇ ਖ਼ੁਲਾਸਾ ਕੀਤਾ। ਇਸ ਗੱਲ 'ਤੇ ਪੀੜਤ ਸੁਖਵਿੰਦਰ ਸਿੰਘ ਨੇ ਵੀ ਮੋਹਰ ਲਾਈ ਹੈ ਕਿਉਂਕਿ ਤਸ਼ਦੱਦ ਦਾ ਕਾਰਨ ਉਹੀ ਸੀ. ਡੀ. ਸੀ, ਜੋ ਢੱਡਰੀਆਂ ਵਾਲੇ ਪਾਸ ਪਹੁੰਚਾਈ ਗਈ ਸੀ। ਇਹ ਸਭ ਮੇਰੇ ਦਸਣ ਦਾ ਕਾਰਨ ਹੈ ਕਿ ਸਪੋਕਸਮੈਨ ਦਾ ਜ਼ਿਲ੍ਹਾ ਇੰਚਾਰਜ ਹੋਵੇ ਅਤੇ ਅਪਣੇ ਨਿੱਜੀ ਹਿੱਤਾਂ ਖਾਤਰ, ਦਲਾਲਗੀ ਕਰੇ, ਇਹ ਅਖ਼ਬਾਰ ਦੇ ਹਿੱਤਾਂ ਅਤੇ ਸਿਧਾਂਤਾਂ ਲਈ ਠੀਕ ਨਹੀਂ। ਜਿਆਦਾ ਅਫ਼ਸੋਸ ਉਸ ਸਮੇਂ ਹੋਇਆ ਜਦੋਂ ਕਿ ਆਪ ਹਮੇਸ਼ਾ ਡੇਰੇਦਾਰਾਂ ਖ਼ਿਲਾਫ਼ ਬੋਲਦੇ ਲਿਖਦੇ ਆਏ ਹੋ, ਪ੍ਰੰਤੂ ਸਪੋਕਸਮੈਨ ਅਖ਼ਬਾਰ ਵਿਚ ਡੇਰੇਦਾਰਾਂ ਦੇ ਖ਼ਿਲਾਫ਼ ਖ਼ਬਰ ਤੱਕ ਨਾ ਲਗਾਈ ਹੋਵੇ ਅਤੇ ਬਾਬਿਆਂ ਦੇ ਦੀਵਾਨਾਂ ਆਦਿ ਦੀਆਂ ਸ਼ੋਭਾ ਵਾਲੀਆਂ ਖ਼ਬਰਾਂ ਲਗਾਈਆਂ ਤੋਂ ਇੰਜ ਜਾਪਦਾ ਹੈ ਕਿ ਹੁਣ ਕਹਿਣੀ ਅਤੇ ਕਰਨੀ ਵਿਚ ਅੰਤਰ ਆ ਗਿਆ ਹੈ। 'ਸੱਚ ਸੁਣਾਇਸੀ ਸੱਚ ਕੀ ਬੇਲਾ' 'ਤੇ ਪਹਿਰਾ ਨਹੀਂ ਦੇ ਰਹੇ। ਇਸ ਤੋਂ ਮੇਰੀ ਆਤਮਾ ਤੇ ਡਾਢੀ ਠੇਸ ਪਹੁੰਚੀ। ਸ਼ਾਇਦ ਪੁਰਾਣੇ ਅਤੇ ਪਹਿਲਾਂ ਵਾਲੇ ਸਿਧਾਂਤਾਂ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਪੱਤਰਕਾਰਾਂ ਨੂੰ ਅਜੋਕੇ ਬਣਾਏ ਇੰਚਾਰਜ ਪਸੰਦ ਨਹੀਂ ਕਰਦੇ ਭਾਵੇਂ ਉਨ੍ਹਾਂ ਬਾਰੇ ਪੱਤਰਕਾਰਤਾ ਵਿਚ ਗਿਆਨ ਵਿਹੁਣੇ ਹੀ ਕਿਹਾ ਜਾ ਸਕਦਾ ਹੈ। ਅਜਿਹੇ ਵਿਅਕਤੀਆਂ ਦੀ ਪੁੱਛ ਪੜਤਾਲ ਜ਼ਿਆਦਾ ਹੁੰਦੀ ਹੈ ਤਕਰੀਬਨ ਇਕ ਸਾਲ ਤੋਂ ਅਜਿਹੇ ਇੰਚਾਰਜਾਂ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਸਹਿਣ ਕਰਦੇ ਆ ਰਹੇ ਸੀ ਕਿਉਂਕਿ ਸੋਚਦੇ ਸੀ ਕਿ ਸਰਦਾਰ ਜੋਗਿੰਦਰ ਸਿੰਘ ਦੀ ਸੋਚ 'ਤੇ ਅਸੀਂ ਪਹਿਰਾ ਦੇ ਰਹੇ ਹਾਂ। ਪ੍ਰੰਤੂ ਹੁਣ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਅਖ਼ਬਾਰ ਵਿਚ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਕਿਉਂਕਿ ਸ਼ਾਇਦ ਮੈਂ ਗ਼ਲਤ ਹੋਵਾਂ ਪਰ ਸੋਚਦਾ ਹਾਂ ਕਿ ਤੁਹਾਡੀ ਉਨ੍ਹਾਂ ਵਿਚ ਰਜ਼ਾਮੰਦੀ ਹੈ। ਜਿਹੜੇ ਪਾਠਕ ਅਜਿਹੀਆਂ ਖ਼ਬਰਾਂ ਪੜ੍ਹਣ ਲਈ ਉਡੀਕ ਕਰਦੇ ਸਨ, ਫੋਟੋ ਸਟੇਟਾਂ ਕਰਵਾ ਕਿ ਲੋਕਾਂ ਵਿਚ ਵੰਡਦੇ ਸਨ, ਉਹ ਹੁਣ ਨਿਰਾਸ਼ਾ ਵੱਲ ਵਧ ਰਹੇ ਹਨ।
                                                           ਧੰਨਵਾਦ ਸਾਹਿਤ
                                                         ਆਪ ਜੀ ਦਾ ਸ਼ੁਭਚਿੰਤਕ
                                                           ਅਜੈਬ ਸਿੰਘ ਮੋਰਾਂਵਾਲੀ
                                                             ਸਟਾਫ਼ ਰਿਪੋਰਟਰ ਸੰਗਰੂਰ
                                                           ਮੋਬਾਈਲ 94171-06555

ਨੋਟ : ਇਸ ਚਿੱਠੀ ਦਾ ਮੂਲ ਉਤਾਰਾ ਵੀ ਨਾਲ ਸ਼ਾਮਲ ਹੈ।




· · Share

  • 13 shares
    • Gursewak Singh Dhaula
      ਵੀਰ ਅਜਾਇਬ ਸਿੰਘ ਮੋਰਾਂਵਾਲੀ ਨੇ ਸਪੋਕਸਮੈਨ ਵਿਚ ਬੇਖੌਂਫ ਹੋ ਕੇ ਪੱਤਰਕਾਰੀ ਕੀਤੀ ਹੈ ਖਾਸਕਰ ਸੌਦਾ ਸਾਧ ਮਾਮਲੇ ਵਿਚ ਡੇਰੇ ਅੰਦਰਲੀਆਂ ਬੇਭੇਤ ਗੱਲਾਂ ਨੂੰ ਪਾਠਕਾਂ ਸਾਹਮਣੇ ਲਿਆ ਕੇ ਸੱਚੀ ਪੱਤਰਕਾਰੀ ਨੂੰ ਰੋਸ਼ਨ ਕੀਤਾ ਹੈ , ਹੁਣ ਇਸ ਵੀਰ ਨੇ ਜਿਹੜੀਆਂ ਗੱਲਾਂ ਆਪਣੇ ਅਸਤੀਫੇ ਵਿਚ ਲਿਖੀਆਂ ਹਨ ਇਹ ਵੀ ਬਿਲਕੁਲ ਸੱਚ ਹੈ । ਸਪੋਕਸਮੈਨ ਨੇ ਡੇਰਾਵਾਦ ਨੂੰ ਤੂਲ ਦੇਣੀ ਸੁਰੂ ਕਰ ਦਿੱਤੀ ਹੋਈ ਹੈ । ਇਸ ਅਖਬਾਰ ਨੂੰ ਓਹ ਪੱਤਰਕਾਰ ਹੀ ਪਸੰਦ ਹੈ ਜੋ ਸਮਝੌਤਾਵਾਦੀ ਹੋਵੇ । ਮੋਰਾਂਵਾਲੀ ਵਰਗੇ ਅਜਾਦਖਿਆਲੀ ਪੱਤਰਕਾਰ ਬੀਬੀ ਜਗਜੀਤ ਕੌਰ ਦੀ ਵਪਾਰਕ ਸੋਚ ਨੂੰ ਵਾਰਾ ਨਹੀਂ ਖਾਂਦੇ । ਰਹੀ ਗੱਲ ਸ ਜੋਗਿੰਦਰ ਸਿੰਘ ਦੀ ਇਸ ਘਮੰਡੀ ਕਿਸਮ ਦੇ ਬੰਦੇ ਨੂੰ ਕੁਝ ਨਹੀਂ ਪਤਾ ਕਿ ਅਖਬਾਰ ਚ ਪੱਤਰਕਾਰੀ ਪੱਧਰ ਤੇ ਕੀ ਵਾਪਰ ਰਿਹਾ ਹੈ । ਬੀਬੀ ਜਗਜੀਤ ਕੌਰ ਵੀ ਇਸ ਦੀ ਕਲਮ ਦਾ ਲਾਹਾ ਵਪਾਰ ਵਧਾਓਣ ਦੇ ਹਿਤ ਚ ਲੈ ਰਹੀ ਹੈ । ਮੈਨੂੰ ਪੂਰੀ ਉਮੀਦ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਵੀਰ ਮੋਰਾਂਵਾਲੀ ਅਰਾਮ ਦੀ ਨੀਂਦ ਸੋਂ ਸਕਣਗੇ । ਉਹਨਾਂ ਦੀ ਨਿਧੱੜਕ ਪੱਤਰਕਾਰੀ ਸਿੱਖ ਹੱਕਾਂ ਦੀ ਗੱਲ ਕਰਦੀ ਰਹੇਗੀ
    • Varinder Singh Manakdheri Wah o kismat dia dhaniya. Ridhi kheer te bn gea dalia. Lala Joinder Sharma.
    • Gursewak Singh Dhaula ਘੁਣਤਰੀ ਜੀ ! ਮੋਰਾਂਵਾਲੀ ਨੂੰ ਕਹੋ ਕਿ ਓਹ 'ਸਪੋਕਸਮੈਨ ਪੀੜਤ ਪੱਤਰਕਾਰ ਯੂਨੀਅਨ ' ਚ ਜਿਹੜਾ ਮਰਜੀ ਅਹੁਦਾ ਲੈਣਾ ਚਹੁਣ ਉਸ ਨੂੰ ਓਹ ਹੀ ਹੱਸ ਕੇ ਦੇ ਦਿੱਤਾ ਜਾਵੇਗਾ ।
    • Kuldip Singh Sh Ajaib Singh sade wal vekho nidhark ho key chardi kala vich reh key ehna bubneya da parda fash kar reh han guru di kirpa naal. Sach tey pehra den vale tuhade naal han guru ang sang hai chardi kala vich raho
      23 hours ago · · 1
    • Daljinder Singh veer g bhut wadhya hoya jo thusi keta
      9 hours ago · · 1

Sunday, May 27, 2012

ਸਿੱਖ ਕੌਮ ਦੇ ਕੁੱਤੇ ਰਖਵਾਲੇ

Categorized | Articles In Punjabi, Featured, Quick News
                                        
ਜੱਥੇਦਾਰ ਜੀ ਤੁਹਾਨੂੰ ਕਿਹੜੇ ਤਖੱਲਸ ਨਾਲ ਯਾਦ ਕੀਤਾ ਜਾਵੇ, ਪਤਾ ਹੀ ਨਹੀਂ ਲੱਗ ਰਿਹਾ।  ਤੁਹਾਨੂੰ ਕੋਈ ਵੀ ਤਖੱਲਸ ਦਿੱਤਾ ਜਾਵੇ ਉਹ ਘੱਟ ਹੀ ਘੱਟ ਹੈ।  ਤੁਹਾਨੂੰ ਮਨਮੁਖ ਕਹਿ ਕੇ ਨਿਵਾਜਿਆ ਜਾਵੇ ਤਾਂ ਵੀ ਕੋਈ ਹਰਜ਼ ਨਹੀਂ ਕਿਉਂਕਿ ਤੁਹਾਡੇ ਵਿਚ ਗੁਰੂ ਦੇ ਸਨਮੁਖ ਹੋਣ ਵਾਲਾ ਤਾਂ ਕੋਈ ਗੁਣ ਹੈ ਹੀ ਨਹੀਂ। ਗੁਰੂ ਅਮਰਦਾਸ ਜੀ ਦਾ ਫੁਰਮਾਨ ਅੱਗੇ ਹੈ।
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥ ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥ {ਪੰਨਾ 919-920}
ਜੇਕਰ ਤੁਸੀਂ ਜੀਅ ਕਰਕੇ ਗੁਰੂ ਦੇ ਨਾਲ ਹੁੰਦੇ ਤਾਂ ਤੁਹਾਨੂੰ ਰਣਜੀਤ ਸਿੰਘ ਢੱਢਰੀਆਂ ਵਾਲੇ ਬਾਰੇ ਨਿਰਦੋਸ਼ ਹੋਣ ਦਾ ਫਤਵਾ ਜਾਰੀ ਕਰਨ ਦੀ ਕੋਈ ਲੋੜ ਨਹੀਂ ਸੀ। ਪਰ ਪਾਪੀ ਪੇਟ ਕੀ ਕੀ ਨਹੀਂ ਕਰਵਾਉਂਦਾ? ਸੁਖਵਿੰਦਰ ਸਿੰਘ, ਜਿਸ ਨੇ ਪੁਲੀਸ ਦੀ ਮਾਰ ਖਾਦੀ, ਗਰੀਬ ਹੋਣ ਕਰਕੇ ਬਹੁਤ ਚਿਰ ਡਰਦਾ ਮਾਰਿਆ ਬੋਲਿਆ ਨਹੀਂ, ਡੇਰੇ ਦੇ ਅੰਦਰ ਹੁੰਦੀਆਂ ਬਦਫੈਲੀਆਂ ਦੀ ਭਾਫ ਬਾਹਰ ਨਹੀਂ ਕੱਢੀ ਉਹ ਤਾਂ ਤੁਸੀਂ ਇਕੋ ਝਟਕੇ ਨਾਲ ਝਟਕਾ ਦਿੱਤਾ ਤੇ ਗਲਤ ਸਾਬਤ ਕਰ ਦਿੱਤਾ ਪਰ ਜਿਹੜੀ ਕੁੜੀ ਜਹਿਰ ਖਾ ਕੇ ਆਤਮ ਹੱਤਿਆ ਕਰ ਗਈ ਉਸ ਬਾਰੇ ਤੁਸੀਂ ਕੀ ਕਹੋਗੇ? ਉਸ ਬਾਰੇ ਵੀ ਬਿਆਨ ਜਾਰੀ ਕਰ ਦਿੰਦੇ ਕਿ ਕੋਈ ਕੁੜੀ ਮਰੀ ਹੀ ਨਹੀਂ। ਜੇ ਕੋਈ ਕੁੜੀ ਮਰੀ ਵੀ ਹੈ ਤਾਂ ਇਹ ਉਸਦਾ ਘਰੇਲੂ ਮਸਲਾ ਹੋ ਸਕਦਾ ਹੈ। ਉਹ ਗਰੀਬ ਸੀ ਤੇ ਆਪਣੇ ਆਪ ਨੂੰ ਨਾ ਸੰਭਾਲ ਸਕਣ ਯੋਗ ਸਮਝ ਕੇ ਉਹ ਜਹਿਰ ਖਾ ਕੇ ਮਰ ਗਈ। ਸੰਤ ਬਾਬਾ ਰਣਜੀਤ ਸਿੰਘ ਜੀ ਢੱਢਰੀਆਂ ਵਾਲੇ ਤਾਂ ਸ਼ੁੱਧ, ਪੂਰਨ ਮਹਾਂਪੁਰਸ਼ ਹਨ, ਉਹ ਤਾਂ ਬ੍ਰਹਮਗਿਆਨੀ ਹਨ, ਉਹ ਤਾਂ ਨਿਰਦੋਸ਼ ਹਨ, ਉਹ ਆਪਣਾ ਲੰਗੋਟ ਢਿਲਾ ਹੋਣ ਹੀ ਨਹੀਂ ਦਿੰਦਾ ਜਾਂ ਪਾਉਂਦਾ ਹੀ ਨਹੀਂਇਸ ਕਰਕੇ ਤੁਹਾਨੂੰ ਮਰੀ ਹੋਈ ਆਤਮਾ ਵਾਲੇ ਤਖੱਲਸ ਨਾਲ ਵੀ ਨਿਵਾਜਿਆ ਜਾ ਸਕਦਾ ਹੈ। ਕਿਉਂਕਿ ਤੁਸੀਂ ਆਪਣੀ ਸੋਚ/ਆਤਮਾ ਅੰਦਰ ਗੁਰੂ ਦੇ ਸ਼ਬਦ ਨੂੰ ਰੱਖਿਆ ਹੀ ਨਹੀਂ। ਨਹੀਂ ਤਾਂ ਕੀ ਮਜਾਲ ਹੈ ਕਿ ਕੋਈ ਐਡਾ ਵੱਡਾ ਝੂਠ ਬੋਲ ਜਾਏ ਕਿ ਢੱਢਰੀਆਂ ਵਾਲਾ ਨਿਰਦੋਸ਼ ਹੈ। ਅੱਗੇ ਤੀਸਰੇ ਪਾਤਸ਼ਾਹ ਦਾ ਫੁਰਮਾਨ ਹੈ।
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥ {ਪੰਨਾ 919-920}
ਤੁਹਾਨੂੰ ਗੁਰੂ ਦੇ ਸੇਵਕ ਕਹਿਣਾ ਵੀ ਗਲਤ ਹੋਵੇਗਾ ਕਿਉਂਕਿ ਤੁਸੀਂ ਆਪਣਾ ਆਪ ਜਾਂ ਆਪਣੀ ਮੱਤ ਤਾਂ ਤਿਆਗੀ ਹੀ ਨਹੀਂ। ਤੁਸੀਂ ਵੀ ਠੀਕ ਹੋ ਕਿਉਂਕਿ ਜਿਹੜਾ ਨਿਕਲਦਾ ਹੀ ਲਿਫਾਫੇ ਵਿਚੋਂ ਹੈ ਉਹ ਆਪਣੀ ਮੱਤ ਤਿਆਗ ਹੀ ਨਹੀਂ ਸਕਦਾਲਿਫਾਫੇ  ਵਿਚੋਂ ਨਿਕਲਣ ਕਰਕੇ ਉਹ ‘ਗੁਰ ਬਿਨੁ ਅਵਰ ਨ ਜਾਣੈ ਕੋਏ’ ਵਾਲੇ ਸਿਧਾਂਤ ਤੇ ਵੀ ਕੰਮ ਨਹੀਂ ਕਰ ਸਕਦਾ। ਇੱਥੇ ਪੰਜਾਬੀ ਦੀ ਇਹ ਅਖਾਣ ਬਹੁਤ ਢੁੱਕਵੀਂ ਸਾਬਤ ਹੁੰਦੀ ਹੈ, ਰੱਬ ਨੇੜੇ ਕਿ ਘਸੁਨ ਮਾਲਕ ਜਿਹੜਾ ਸੱਭ ਦਾ ਹੈ ਉਹ ਤਾਂ ਤੁਹਾਡੇ ਵਾਸਤੇ ਬਹੁਤ ਦੂਰ ਹੈ। ਜਿਹੜਾ ਮਾਲਕ ਤੁਹਾਨੂੰ ਰੱਜਵੀ ਬੁਰਕੀ ਪਾਉਂਦਾ ਹੈ ਫਿਰ ਤੁਸੀਂ ਆਪਣੀ ਪੂਛ ਤਾਂ ਉਸੇ ਵਾਸਤੇ ਹੀ ਹਿਲਾਓਂਗੇ ਨਾ। ਇਸ ਕਰਕੇ ਤੁਹਾਨੂੰ ਬੇਗੁਰੇ ਵੀ ਕਿਹਾ ਜਾਵੇ ਤਾਂ ਕੋਈ ਹਰਜ ਨਹੀਂ ਹੋਣਾ ਚਾਹੀਦਾ।

ਤੀਸਰੇ ਪਾਤਸ਼ਾਹ ਦਾ ਫੁਰਮਾਨ ਤੁਹਾਡੇ ਤੇ ਲਾਗੂ ਹੁੰਦਾ ਹੈ।
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧ {ਪੰਨਾ 919-920}
ਤੁਹਾਡੇ ਵਿਚ ਇਹ ਪੰਜੇ ਗੁਣ ਨਹੀਂ ਹਨ। ਇਸ ਕਰਕੇ ਤੁਹਾਨੂੰ ਬੇਗੈਰਤੀਏ/ਨਿਗੁਰੇ/ਸਿੱਖੀ ਨੂੰ ਢਾਹ ਲਾਉਣਾ ਵਾਲੇ/ ਮਰੀ ਹੋਈ ਆਤਮਾ ਵਾਲੇ। ਸਿੱਖੀ ਦੇ ਦੁਸ਼ਮਣਾਂ ਦੇ ਮਿਤਰ/ ਵਿਕਾਊ ਮਾਲ ਆਦਿ ਕਰਕੇ ਪੁਕਾਰਿਆ ਜਾਣਾ ਚਾਹੀਦਾ ਹੈ। ਕੇਸਗੜ੍ਹ ਵਾਲਾ ਪ੍ਰੋ. ਮਨਜੀਤ ਸਿੰਘ ਆਪਣੇ ਆਪ ਨੂੰ ਗੁਰੂ ਕਾ ਗੁਲਾਮ ਲਿਖਦਾ ਹੁੰਦਾ ਸੀ। ਲਿਫਾਫੇ ਵਿਚੋਂ ਜੱਥੇਦਾਰ ਦੇ ਨਿਕਲਣ ਤੋਂ ਪਹਿਲਾਂ ਹੀ ਉਹ ਇਹ ਸ਼ਬਦ ਜੱਥੇਦਾਰੀ ਨਾਲ ਜੋੜ ਗਿਆ ਉਸਦਾ ਬਹੁਤ ਬਹੁਤ ਧੰਨਵਾਦ। ਇਸ ਕਰਕੇ ਤੁਹਾਨੂੰ ਲਿਫਾਫੇ ਦਾ ਗੁਲਾਮ ਵੀ ਕਿਹਾ ਜਾਵੇ ਤਾਂ ਵੀ ਕੋਈ ਹਰਜ ਨਹੀਂ ਹੋਵੇਗਾ।
ਭੈਰਉ ਮਹਲਾ ੫ ॥ ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥ ਬਿਖੁ ਸੰਚੈ ਨਿਤ ਡਰਤਾ ਫਿਰੈ ॥ ਹੈ ਨਿਕਟੇ ਅਰੁ ਭੇਦੁ ਨ ਪਾਇਆ ॥ ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥ ਨੇੜੈ ਨੇੜੈ ਸਭੁ ਕੋ ਕਹੈ ॥ ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥ {ਪੰਨਾ 1139}
ਜੇਕਰ ਤੁਸੀਂ ਗੁਰੂ ਅਰਜਨ ਪਿਤਾ ਦਾ ਇਹ ਸ਼ਬਦ ਸਮਝ ਲਿਆ ਹੁੰਦਾ ਤੇ ਇਸ ਤੇ ਪਹਿਰਾ ਦਿੱਤਾ ਹੁੰਦਾ ਤਾਂ ਤੁਸੀਂ ਸੁਆਨ ਬਿਰਤੀ ਧਾਰਨ ਹੀ ਨਹੀਂ ਸੀ ਕਰਨੀ। ਬਸ ਹੁਣ ਸਿੱਖ ਕੌਮ ਦਾ ਰੱਬ ਹੀ ਰਖਵਾਲਾ ਹੋ ਸਕਦਾ ਹੈ। ਤੁਹਾਡੇ ਕੋਲੋਂ ਕੋਈ ਆਸ ਕਰਨੀ ਨਿਹਫਲ ਹੋਵੇਗੀ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ। ਮੋਬਾਈਲ# 647 969 3132, 810 223 3648

ਸਾਕਾ ਨੀਲਾ ਤਾਰਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਦਾਸਤਾਨ


ਸਾਕਾ ਨੀਲਾ ਤਾਰਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਦਾਸਤਾਨ

ਸਾਕਾ ਨੀਲਾ ਤਾਰਾ ਤੋਂ ਬਾਅਦ ਹਰਿਮੰਦਰ ਸਾਹਿਬ ਸਮੂਹ ਵਿਚੋਂ
ਬਾਹਰ ਨਿਕਲਣ ਦੀਆਂ ਤਿਆਰੀਆਂ ਕਰਦੀ ਹੋਈ ਫੌਜ।

ਲਾਇਬ੍ਰੇਰੀ ਦਾ ਇਕ ਦ੍ਰਿਸ਼
ਹਰ ਸਾਲ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਸਿੱਖ ਹਿਰਦਿਆਂ ਵਿਚ ਸਾਕਾ ਨੀਲਾ ਤਾਰਾ ਦੀਆਂ ਕੌੜੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। 28 ਸਾਲ ਪਹਿਲਾਂ ਲੱਗੇ ਜ਼ਖ਼ਮ ਤੇ ਉਸ ਸਮੇਂ ਹੋਏ ਨਾ ਪੂਰੇ ਹੋਣ ਵਾਲੇ ਨੁਕਸਾਨ ਯਾਦ ਆ ਜਾਂਦੇ ਹਨ। ਇਸ ਤਰ੍ਹਾਂ ਦੀਆਂ ਭਾਵਨਾਵਾਂ ਅਧੀਨ ਸਿੱਖ ਪੰਥ ਦੇ ਅਨਮੋਲ ਖਜ਼ਾਨੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਤਬਾਹੀ ਦੀ ਦਾਸਤਾਨ ਬਿਆਨ ਕਰ ਰਹੇ ਹਨ ਪੱਤਰਕਾਰ ਕੁਲਦੀਪ ਸਿੰਘ ਬਰਮਾਲੀਪੁਰ। ਇਸ ਲੇਖ ਦਾ ਦੂਜਾ ਭਾਗ 28 ਮਈ, ਸੋਮਵਾਰ ਨੂੰ 'ਅਜੀਤ' ਦੇ ਸੰਪਾਦਕੀ ਸਫ਼ੇ (4) 'ਤੇ ਪ੍ਰਕਾਸ਼ਿਤ ਕੀਤਾ ਜਾਏਗਾ। -ਸੰਪਾਦਕ
ਜੂਨ 1984 ਵਿਚ ਸਿੱਖ ਧਰਮ ਦੇ ਪਵਿੱਤਰ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਭਾਰਤੀ ਫ਼ੌਜ ਵਲੋਂ ਕੀਤੇ ਹਮਲੇ ਨੂੰ 28 ਵਰ੍ਹੇ ਹੋ ਚੱਲੇ ਹਨ। ਹਮਲਾ ਕਿਓਂ, ਕਿਵੇਂ ਅਤੇ ਕਿਸ ਢੰਗ ਜਾਂ ਸਾਜ਼ਿਸ਼ ਨਾਲ ਹੋਇਆ, ਇਹ ਇਕ ਵੱਖਰਾ ਸਵਾਲ ਹੈ ਪ੍ਰੰਤੂ ਏਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਹੋਏ ਇਸ ਜ਼ੁਲ਼ਮ ਦੀ ਦਾਸਤਾਂ, ਇਸ ਦੇ ਜ਼ਖ਼ਮਾਂ ਦੀ ਪੀੜਾ ਅਤੇ ਬੇਗਾਨਗੀ ਦੀ ਭਾਵਨਾ ਅੱਜ ਵੀ ਜਿਓਂ ਦੀ ਤਿਓਂ ਹੈ। ਅਜਿਹਾ ਵੀ ਨਹੀਂ ਕਿ ਇਸ ਭਾਵਨਾ ਦਾ ਸਾਜ਼ਿਸ਼ੀ ਢੰਗ ਨਾਲ ਅਹਿਸਾਸ ਕਰਵਾਉਣ ਵਿਚ ਸਿਰਫ਼ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਦਾ ਹੀ ਦੋਸ਼ ਹੈ ਬਲਕਿ ਗ਼ੈਰ ਕਾਂਗਰਸੀ ਸਰਕਾਰਾਂ ਵੀ ਪਿੱਛੇ ਨਹੀਂ ਰਹੀਆਂ। ਇਸ ਹਮਲੇ ਦੌਰਾਨ ਫ਼ੌਜ ਦੀਆਂ ਗੋਲ਼ੀਆਂ ਦਾ ਨਿਸ਼ਾਨਾ ਬਣੇ ਸਿੱਖ ਸ਼ਰਧਾਂਲੂਆਂ, ਬੇਕਸੂਰ ਲੋਕਾਂ ਅਤੇ ਖਾੜਕੂਆਂ ਦੀਆਂ ਲਾਸ਼ਾਂ ਦੀ ਗਿਣਤੀ ਦਾ ਵੀ ਅੱਜ ਤੱਕ ਸਹੀ ਢੰਗ ਨਾਲ ਸਾਹਮਣੇ ਨਾ ਆ ਸਕਣਾ ਲੋਕਤੰਤਰਿਕ ਕਹਾਉਣ ਵਾਲੇ ਮੁਲਕ ਲਈ ਨਮੋਸ਼ੀ ਵਾਲੀ ਗੱਲ ਹੈ। ਇਸ ਕੇਂਦਰੀ ਅਸਥਾਨ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਜਾਇਬ ਘਰ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਸੀ ਅਤੇ ਅੰਦਰਲੇ 132 ਕੀਮਤੀ ਚਿੱਤਰ ਗੋਲ਼ੀਆਂ ਨਾਲ ਨਸ਼ਟ ਹੋ ਗਏ ਸਨ। ਦੁਰਲੱਭ ਨੁਸਖ਼ੇ ਸੜਕੇ ਸੁਆਹ ਹੋ ਗਏ, ਦਰਬਾਰ ਸਾਹਿਬ ਅੰਦਰ ਇਕ ਵੀ ਗੁੰਬਦ, ਬੁਰਜੀ ਜਾਂ ਜੰਗਲਾ ਨਾ ਬਚਿਆ, ਜਿਸ ਵਿਚ ਗੋਲੀਆਂ ਨਾ ਵੱਜੀਆਂ ਹੋਣ। ਪ੍ਰਕਰਮਾ ਦੇ ਸਾਰੇ ਕਮਰੇ, ਲੰਗਰ ਹਾਲ, ਅਕਾਲ ਗੈਸਟ ਹਾਊਸ, ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਸਮੇਤ ਬੇਸ਼ਕੀਮਤੀ ਇਮਾਰਤਾਂ ਅੱਗ ਨੇ ਲੂਹ ਸੁੱਟੀਆਂ, ਬਿਜਲੀ ਦੇ ਪੱਖੇ ਪਿਘਲ ਕੇ ਪੱਤੀਆਂ ਬਣ ਗਏ, ਲੱਕੜ ਦੇ ਦਰਵਾਜ਼ੇ, ਬਾਰੀਆਂ, ਮੀਨਾਕਾਰੀ ਚੁਗਾਠਾਂ ਤੇ ਅਲਮਾਰੀਆਂ ਦੇ ਸਮਝੋ ਕੋਲੇ ਬਣ ਗਏ। ਹਮਲੇ ਦੌਰਾਨ ਨੁਕਸਾਨੀ ਹਰ ਚੀਜ਼ ਦੀ ਪੂਰਤੀ ਸੰਭਵ ਹੋ ਸਕਦੀ ਹੈ, ਸਿਵਾਏ ਕੀਮਤੀ ਜਾਨਾਂ ਅਤੇ ਸਿੱਖ ਕੌਮ ਦੇ ਕੀਮਤੀ ਸਰਮਾਏ ਨਾਲ ਨੱਕੋ-ਨੱਕ ਭਰੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ। 28 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਇਸ ਲਾਇਬ੍ਰੇਰੀ ਅੰਦਰਲਾ ਕੀਮਤੀ ਸਰਮਾਇਆ ਕਿੱਥੇ ਚਲਾ ਗਿਆ, ਵਾਪਿਸ ਕਿਓਂ ਨਹੀਂ ਦਿੱਤਾ ਗਿਆ ਜਾਂ ਇਸ ਲਾਇਬ੍ਰੇਰੀ ਦੀ ਹੋਂਦ ਕਿਵੇਂ ਤੇ ਕਿਓਂ ਮਿਟਾਈ ਗਈ? ਇਸ ਸਬੰਧੀ ਕਈ ਵੱਡੇ ਸਵਾਲ ਅਜੇ ਵੀ ਖੜ੍ਹੇ ਹਨ।
ਸਥਾਪਨਾ, ਇਤਿਹਾਸ ਤੇ ਉਦੇਸ਼
ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਆਟੇ ਮੰਡੀ ਵਾਲੀ ਦਰਸ਼ਨੀ ਡਿਊਢੀ ਉੱਪਰ ਸਥਾਪਿਤ ਹੋਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਸਥਾਪਨਾ ਵਿਚ ਮਹੱਤਵਪੂਰਨ ਰੋਲ ਸਿੱਖ ਹਿਸਟੋਰੀਕਲ ਸੁਸਾਇਟੀ ਦਾ ਰਿਹਾ, ਜੋ 1930 ਵਿਚ ਬਣੀ ਸੀ। ਬਾਵਾ ਬੁੱਧ ਸਿੰਘ ਦੀ ਅਗਵਾਈ ਵਿਚ ਸਿੱਖ ਵਿਦਵਾਨਾਂ ਦੀ ਵਿਸ਼ੇਸ਼ ਮੀਟਿੰਗ 19 ਅਪ੍ਰੈਲ 1945 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿਚ ਇਸ ਦਾ ਵਿਧਾਨ ਨਿਸ਼ਚਤ ਕੀਤਾ ਗਿਆ। ਵਰਕਿੰਗ ਕਮੇਟੀ ਵਿਚ ਤੇਜਾ ਸਿੰਘ, ਬਾਵਾ ਪ੍ਰੇਮ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਗੁਰਮੁੱਖ ਨਿਹਾਲ ਸਿੰਘ ਤੇ ਗੰਡਾ ਸਿੰਘ ਜਿਹੇ ਵਿਦਵਾਨ ਸੱਜਣ ਸ਼ਾਮਿਲ ਹੋਏ ਤੇ ਕੇਂਦਰੀ ਸਿੱਖ ਲਾਇਬ੍ਰੇਰੀ ਦੀ ਸਥਾਪਨਾ 'ਤੇ ਜ਼ੋਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 822 ਜੋ ਅਕਤੂਬਰ 1946 ਨੂੰ ਪਾਇਆ ਗਿਆ, ਵਿਚ ਇਸ ਨੂੰ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ 10 ਫ਼ਰਵਰੀ 1947 ਨੂੰ ਸਵ: ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਬੰਬਾ ਦੀ ਪ੍ਰਧਾਨਗੀ ਹੇਠ ਖਾਲਸਾ ਕਾਲਜ ਅੰਮ੍ਰਿਤਸਰ ਦੀ ਮੀਟਿੰਗ ਵਿਚ ਇਸ ਦਾ ਵਿਸਥਾਰ ਕਰ ਦਿੱਤਾ ਗਿਆ ਤੇ ਲਾਇਬ੍ਰੇਰੀ ਦੀ ਸਥਾਪਨਾ ਲਈ ਰਾਹ ਪੱਧਰਾ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਸ਼ਵ ਭਰ ਦੇ ਸਿੱਖ ਸ਼ਰਧਾਲੂਆਂ ਤੇ ਸੰਪਰਦਾਵਾਂ ਵਲੋਂ ਦਹਾਕਿਆਂ ਦੇ ਯਤਨਾਂ ਦੌਰਾਨ ਕੇਂਦਰੀ ਸਿੱਖ ਲਾਇਬ੍ਰੇਰੀ ਤੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਬਣੀ। ਇਸ ਦੇ ਵਿਕਾਸ ਵਿਚ ਸਥਾਪਨਾ ਤੋਂ ਲੈ ਕੇ ਵੱਖ-ਵੱਖ ਸਮੇਂ ਰਹੇ ਲਾਇਬ੍ਰੇਰੀ ਦੇ ਇੰਚਾਰਜ ਸਹਿਬਾਨ, ਜਿਨ੍ਹਾਂ ਵਿਚ ਡਾ: ਗੰਡਾ ਸਿੰਘ, ਅਜੀਤ ਸਿੰਘ ਅੰਬਾਲਵੀ, ਗਿਆਨੀ ਜੰਗ ਸਿੰਘ, ਪ੍ਰਿੰ: ਸਰਮੁੱਖ ਸਿੰਘ ਅਮੋਲ, ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਤੇ ਡਾ: ਦਵਿੰਦਰ ਸਿੰਘ ਦੁੱਗਲ਼ ਦਾ ਜ਼ਿਕਰ ਹੈ, ਨੇ ਅਪਣੀ ਸੂਝਬੂਝ ਤੇ ਸਿਆਣਪ ਨਾਲ 1 ਜੂਨ 1984 ਤੱਕ ਦੁਰਲੱਭ ਪੁਸਤਕਾਂ ਜਿਨ੍ਹਾਂ ਦੀ ਗਿਣਤੀ 13 ਹਜ਼ਾਰ 300 ਦੇ ਕਰੀਬ ਸੀ ਤੋਂ ਇਲਾਵਾ ਗੁਰੂ ਸਾਹਿਬਾਨ, ਸਮਕਾਲੀ ਵਿਦਵਾਨਾਂ, ਕਵੀਆਂ ਅਤੇ ਉਸ ਵੇਲੇ ਦੇ ਮਹਾਨ ਚਿੰਤਕਾਂ ਦੀਆਂ ਪੰਜ ਸੌ ਹੱਥ ਲਿਖ਼ਤਾਂ ਦੇ ਖਰੜੇ। ਦਰਜਨਾਂ ਪੁਰਾਤਨ ਹੱਥ ਲਿਖ਼ਤਾਂ, ਪਵਿੱਤਰ ਬੀੜਾਂ, ਹੁਕਮਨਾਮੇ ਅਤੇ ਜਨਮ ਸਾਖੀਆਂ ਇਥੇ ਰੱਖੀਆਂ ਗਈਆਂ। 1 ਜੂਨ 1984 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਦਰ ਦਰਜ ਕੀਤੀਆਂ ਕਿਤਾਬਾਂ ਦੀ ਗਿਣਤੀ ਰਜਿਸਟਰ ਮੁਤਾਬਕ 13 ਸੌ ਤੋਂ ਉੱਪਰ ਚੱਲ ਰਹੀ ਸੀ। ਇਸ ਤੋਂ ਗੁਰੂ ਸਹਿਬਾਨ ਦੇ ਗੁਰਮੁਖੀ ਵਿਚ ਦਸਤਖਤਾਂ ਵਾਲੇ ਕੀਮਤੀ ਦਸਤਾਵੇਜ਼ ਸਿੱਖ ਕੌਮ ਦਾ ਸਮਝੋ ਬੇਸ਼ਕੀਮਤੀ ਸਰਮਾਇਆ ਸਨ।
ਸਾਜ਼ਿਸ਼ੀ ਹਮਲਾ
ਭਾਵੇਂ ਪਵਿੱਤਰ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ 3 ਜੂਨ ਨੂੰ ਹੋਇਆ ਕਿਹਾ ਜਾਂਦਾ ਹੈ, ਪ੍ਰੰਤੂ ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਹਮਲਾ 1 ਜੂਨ ਨੂੰ ਹੀ ਹੋ ਗਿਆ ਸੀ। ਉਸ ਵਕਤ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਮੌਜੂਦ ਡਾ: ਦਵਿੰਦਰ ਸਿੰਘ ਦੁੱਗਲ਼, ਹਰਦੀਪ ਸਿੰਘ ਘੁੰਗਰਾਲੀ ਸਿੱਖਾਂ ਕਲਰਕ ਤੇ ਬਲਵੀਰ ਸਿੰਘ ਲਾਇਬ੍ਰੇਰੀਅਨ ਸਮੇਤ ਇਕ ਦੋ ਹੋਰ ਵਿਅਕਤੀ ਮੌਜੂਦ ਸਨ। ਦੁਪਿਹਰ ਕਰੀਬ 1.30 ਤੋਂ ਗੋਲਾਬਾਰੀ ਸ਼ੁਰੂ ਹੋਈ ਅਤੇ ਸ਼ਾਮ ਤੱਕ ਰੁਕ-ਰੁਕ ਕੇ ਹੁੰਦੀ ਗੋਲਾਬਰੀ ਵਿਚ 1 ਬੱਚੇ ਸਮੇਤ 8 ਵਿਅਕਤੀ ਮਾਰੇ ਗਏ ਸਨ। ਸਵ: ਦਵਿੰਦਰ ਸਿੰਘ ਦੁੱਗਲ ਦਾ ਕਹਿਣਾ ਸੀ ਕਿ ਲਾਇਬ੍ਰੇਰੀ ਅੰਦਰ ਕੰਮ ਕਰਦਿਆਂ ਫ਼ੌਜ ਦੀਆਂ ਕੁਝ ਗੋਲ਼ੀਆਂ ਕਈ ਅਲਮਾਰੀਆਂ ਨੂੰ ਚੀਰਦੀਆਂ, ਉਨ੍ਹਾਂ ਦੇ ਆਲ਼ੇ-ਦੁਆਲੇ ਤੋਂ ਲੰਘ ਰਹੀਆਂ ਸਨ। ਉਨ੍ਹਾਂ ਦੱਸਿਆ ਕਿ 6 ਜੂਨ ਤੱਕ ਲਾਇਬ੍ਰੇਰੀ ਮਾਮੂਲੀ ਨੁਕਸਾਨ ਨੂੰ ਛੱਡ ਕੇ ਸੁਰੱਖਿਅਤ ਸੀ। ਹਮਲੇ ਦੀ ਸਮਾਪਤੀ ਉਪਰੰਤ ਫ਼ੌਜ ਵਲੋਂ ਇਹ ਵਾਰ-ਵਾਰ ਦਾਅਵਾ ਕੀਤਾ ਗਿਆ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਫੌਜੀ ਹਮਲੇ ਦੌਰਾਨ ਸੜ ਗਈ, ਜਦਕਿ ਫ਼ੌਜੀ ਹਮਲੇ ਤੋਂ ਬਾਅਦ ਇਸ ਲਾਇਬ੍ਰੇਰੀ ਵਿਚਲਾ ਸਮਾਨ ਫ਼ੌਜ ਕਈ ਬਖ਼ਤਰਬੰਦ ਗੱਡੀਆਂ ਵਿਚ ਲੱਦ ਕੇ ਅਪਣੇ ਨਾਲ ਲੈ ਗਈ ਤੇ ਇਸੇ ਘਟਨਾਕ੍ਰਮ ਦੇ ਚਲਦਿਆਂ ਦਵਿੰਦਰ ਸਿੰਘ ਦੁੱਗਲ ਕਿਸੇ ਤਰੀਕੇ 6 ਜੂਨ ਸ਼ਾਮ ਨੂੰ ਬਚ ਕੇ ਉਸ ਸਮੇਂ ਦੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਭਾਨ ਸਿੰਘ ਦੇ ਘਰ ਪੁੱਜਣ ਵਿਚ ਸਫਲ ਹੋ ਗਏ ਤੇ ਉਦੋਂ ਤੱਕ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਪੂਰੀ ਤਰ੍ਹਾਂ ਸੁਰੱਖਿਅਤ ਸੀ। ਲਾਇਬ੍ਰੇਰੀ ਦੇ ਇੰਚਾਰਜ ਸ. ਦਵਿੰਦਰ ਸਿੰਘ ਦੁੱਗਲ਼ ਨੂੰ ਫ਼ੌਜ ਸ: ਭਾਨ ਸਿੰਘ ਦੇ ਘਰੋਂ 9 ਜੂਨ 1984 ਵਾਲੇ ਦਿਨ ਚੁੱਕ ਲਿਆਈ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਲਾਇਬ੍ਰੇਰੀ ਨੂੰ ਵਾਪਸ ਵਸੂਲ ਪਾਏ ਜਾਣ ਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦੇਵੇ ਪਰ ਉਨ੍ਹਾਂ ਠੋਕਵਾਂ ਜਵਾਬ ਦੇ ਦਿੱਤਾ ਕਿ ਉਹ ਏਨਾ ਹੀ ਲਿਖ਼ ਸਕਦੇ ਹਨ ਕਿ 'ਲਾਇਬ੍ਰੇਰੀ ਨਹੀਂ, ਰਾਖ਼ ਵਸੂਲ ਪਾਈ।' ਇਸ ਸਬੰਧੀ ਅਹਿਮ ਤੱਥ ਉਸ ਵੇਲੇ ਸਾਹਮਣੇ ਆਏ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਾਰ-ਵਾਰ ਹਿੰਦੋਸਤਾਨੀ ਹਕੂਮਤ ਪਾਸੋਂ ਫ਼ੌਜ ਦੇ ਕਬਜ਼ੇ ਵਾਲਾ ਲਿਟਰੇਚਰ ਮੰਗਿਆ ਗਿਆ ਤੇ ਅਖ਼ੀਰ ਹਿੰਦੁਸਤਾਨ ਦੇ ਰੱਖਿਆ ਮੰਤਰੀ ਜਾਰਜ ਫ਼ਰਨਾਡੇਜ਼ ਨੇ ਮਈ 2000 ਵਿਚ ਮੰਨਿਆ ਕਿ ਭਾਰਤੀ ਫ਼ੌਜ ਵਲੋਂ ਹਮਲੇ ਦੌਰਾਨ ਕਬਜ਼ੇ ਵਿਚ ਲੈ ਲਏ ਗਏ ਦਸਤਾਵੇਜ਼ ਸੀ. ਬੀ. ਆਈ. ਪਾਸ ਹਨ ਤੇ ਇਸ ਸਬੰਧੀ ਕੇਂਦਰ ਦੇ ਸਬੰਧਿਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
ਕੁਝ ਹੋਰ ਤੱਥ ਅਤੇ ਸਬੂਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਅਨੁਸਾਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਵਾਪਸੀ ਲਈ ਕੇਂਦਰ ਨਾਲ ਗੱਲਬਾਤ ਦੌਰਾਨ ਇਹ ਕੇਸ ਬੇਹੱਦ ਦਲੀਲਪੂਰਨ ਅਤੇ ਸਬੂਤਾਂ ਸਹਿਤ ਕਈ ਵਾਰ ਪੇਸ਼ ਕੀਤਾ ਗਿਆ ਤੇ ਉਸ ਸਮੇਂ ਦੇ ਰੱਖਿਆ ਮੰਤਰੀ ਵੀ ਸਕੱਤਰ ਸ਼੍ਰੋਮਣੀ ਕਮੇਟੀ ਦੀਆਂ ਦਲੀਲਾਂ ਦਾ ਜਵਾਬ ਨਾ ਦੇ ਸਕੇ ਅਤੇ ਇਹ ਕਹਿ ਕੇ ਟਾਲਮਟੋਲ ਕਰਦੇ ਰਹੇ ਕਿ ਇਹ ਸਾਰਾ ਕੁਝ ਸੀ. ਬੀ. ਆਈ. ਪਾਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਅਪਣੇ-ਆਪ ਵਿਚ ਤਰਕਸੰਗਤ ਵੀ ਹੈ ਅਤੇ ਉਚੇਚਾ ਧਿਆਨ ਮੰਗਦੀ ਹੈ ਕਿ ਆਖ਼ਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਕੀਮਤੀ ਸਰਮਾਇਆ ਗਿਆ ਕਿੱਥੇ? ਅਜਿਹੇ ਯਤਨਾਂ ਦੇ ਚਲਦਿਆਂ ਇਕ ਵੇਰਾਂ ਸੀ. ਬੀ. ਆਈ. ਲਈ ਕੰਮ ਕਰਦੇ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਰਣਜੀਤ ਸਿੰਘ ਨੰਦਾ ਨੇ ਮੰਨਿਆ ਸੀ ਕਿ ਉਨ੍ਹਾਂ ਭਾਰਤੀ ਫ਼ੌਜ ਵਲੋਂ 165 ਬੋਰਿਆਂ ਵਿਚ ਬੰਦ ਕੀਤਾ ਸਿੱਖ ਇਤਿਹਾਸ ਨਾਲ ਸਬੰਧਿਤ ਲਾਇਬ੍ਰੇਰੀ ਦਾ ਸਮਾਨ ਖ਼ੁਦ ਅਪਣੇ ਹੱਥੀਂ ਚੈੱਕ ਕੀਤਾ ਤੇ ਇਸ ਦਾ ਇਕ-ਇਕ ਦਸਤਾਵੇਜ਼ ਵੇਖਦਿਆਂ ਹੈਰਾਨੀ ਹੋਈ ਕਿ ਹੱਥ ਲਿਖ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵਿਚ ਗੋਲ਼ੀਆਂ ਦੇ ਨਿਸ਼ਾਨ ਸਨ। ਸ: ਨੰਦਾ ਨੇ ਹੀ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਪੁਸਤਕਾਂ ਤੇ ਹੋਰ ਸਮਾਨ ਵਾਪਸ ਕੀਤਾ ਸੀ, ਜਿਸ ਤੋਂ ਸਪੱਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਾਰਾ ਸਮਾਨ ਫ਼ੌਜ ਚੁੱਕ ਕੇ ਲੈ ਗਈ ਸੀ ਅਤੇ ਬਾਅਦ ਵਿਚ ਇਸ ਨੂੰ ਅੱਗ ਲਗਾ ਦਿੱਤੀ ਗਈ। ਨੰਦਾ ਨੇ ਜੋ ਕੁਝ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕੀਤਾ, ਉਸ ਉੱਪਰ ਅੱਜ ਵੀ ਮਿਲਟਰੀ ਭਾਸ਼ਾ ਵਿਚ ਲਗਾਏ ਗਏ ਨੰਬਰ ਮੌਜ਼ੂਦ ਹਨ, ਜਿਸ ਤੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਸਮਾਨ ਫ਼ੌਜ ਕੋਲ ਹੋਣ ਦਾ ਸਬੂਤ ਮਿਲਦਾ ਹੈ।
ਹੈਰਾਨੀਜਨਕ ਤੱਥ
ਲਾਇਬ੍ਰੇਰੀ ਦੇ ਅਚਾਨਕ ਸੜ ਜਾਣ ਦੇ ਦਾਅਵਿਆਂ ਨੂੰ ਇਨ੍ਹਾਂ ਸਬੂਤਾਂ ਨਾਲ ਹੋਰ ਵੀ ਝੁਠਲਾਇਆ ਜਾ ਸਕਦਾ ਹੈ ਕਿ ਲਾਇਬ੍ਰੇਰੀ ਅੰਦਰਲੇ ਮੁਲਾਜ਼ਮਾਂ ਵਿਚੋਂ ਇਕ ਹਰਦੀਪ ਸਿੰਘ ਘੁੰਗਰਾਲੀ ਸਿੱਖਾਂ (ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਮੈਨੇਜਰ ਹਨ) ਦੀ 7 ਜੂਨ 1984 ਨੂੰ ਹੋਈ ਗਿਫ੍ਰਤਾਰੀ ਤੋਂ ਪਹਿਲਾਂ 6 ਜੂਨ ਤੱਕ ਸਾਰਾ ਕੁਝ ਸਹੀ ਸਲਾਮਤ ਸੀ ਤੇ ਫ਼ੌਜ ਵਲੋਂ ਸਭ ਕੁਝ ਠੀਕ-ਠਾਕ ਦਾ ਐਲਾਨ ਕਰ ਦਿੱਤਾ ਗਿਆ ਤਾਂ ਬਾਅਦ ਵਿਚ ਲਾਇਬ੍ਰੇਰੀ ਨੂੰ ਨਸ਼ਟ ਕਰਨਾ, ਸਮਾਨ ਚੁੱਕ ਕੇ ਲੈ ਜਾਣਾ ਤੇ ਸੜ ਜਾਣ ਦਾ ਦਾਅਵਾ ਕਰਨਾ ਬਿਲਕੁਲ ਵਾਜਿਬ ਨਹੀਂ। ਸੋਚਣ ਵਾਲੀ ਗੱਲ ਹੈ ਕਿ ਜੇ ਸੜ ਗਈ ਸੀ ਤਾਂ ਫਿਰ ਲਾਇਬ੍ਰੇਰੀ ਦੇ ਨਾਲ ਲਗਦਾ ਲਾਇਬ੍ਰੇਰੀਅਨ ਦਾ ਦਫ਼ਤਰ ਸੁਰੱਖਿਅਤ ਕਿਵੇਂ ਰਿਹਾ? ਕੁਝ ਵਿਦਵਾਨਾਂ ਮੁਤਾਬਕ 6 ਜੂਨ ਦੀ ਸਾਰੀ ਰਾਤ ਭਾਰਤੀ ਫ਼ੌਜ ਇਸ ਲਾਇਬ੍ਰੇਰੀ ਵਿਚੋਂ ਸਮਾਨ ਕੱਢ ਕੇ ਲਿਜਾਂਦੀ ਰਹੀ ਅਤੇ 7 ਜੂਨ ਨੂੰ ਇਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਲੱਕੜ ਦੀਆਂ ਅਲਮਾਰੀਆਂ, ਰੈਕ, ਸੈਂਚੀਆਂ, ਰੁਮਾਲੇ, ਪੁਰਾਣੀਆਂ ਅਖ਼ਬਾਰਾਂ ਸਮੇਤ ਹੋਰ ਸਮਾਨ ਨੂੰ ਨਸ਼ਟ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਹਮਲੇ ਦੌਰਾਨ ਸੜੇ ਸਮਾਨ ਦੀ ਰਾਖ਼ ਲਾਇਬ੍ਰੇਰੀ ਦੀ ਹੀ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਮਲੇ ਦੌਰਾਨ ਲਾਇਬ੍ਰੇਰੀ ਅੱਗ ਦੀ ਭੇਟਾ ਚੜ੍ਹ ਗਈ ਸੀ ਤਾਂ ਰਣਜੀਤ ਸਿੰਘ ਨੰਦਾ , ਸੀ. ਬੀ. ਆਈ. ਕੋਲੋਂ ਇਹ ਪੁਸਤਕਾਂ ਕਿਵੇਂ ਲੈ ਆਏ? ਤੇ ਇਹ ਸਾਰਾ ਕੁਝ ਸੀ. ਬੀ. ਆਈ. ਪਾਸ ਕਿਵੇਂ ਆ ਗਿਆ?
ਬੇਗਾਨਗੀ ਦੀ ਸਿਖ਼ਰ
ਕੇਂਦਰ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਫ਼ੌਜੀ ਹਮਲਾ ਹੋਇਆ। ਸ੍ਰੀਮਤੀ ਗਾਂਧੀ ਦੀ 31 ਅਕਤੂਬਰ 1984 ਨੂੰ ਮੌਤ ਤੋਂ ਬਾਅਦ ਰਾਜੀਵ ਗਾਂਧੀ ਸਰਕਾਰ ਪਾਸੋਂ ਲਾਇਬ੍ਰੇਰੀ ਜਾਂ ਚੁੱਕੇ ਗਏ ਸਮਾਨ ਦੀ ਵਾਪਸੀ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਸੀ, ਪ੍ਰੰਤੂ ਅਫ਼ਸੋਸ ਇਸ ਗੱਲ ਦਾ ਹੈ ਕਿ ਜਿੰਨੇ ਵੀ ਗ਼ੈਰ ਕਾਂਗਰਸੀ ਸਰਕਾਰਾਂ ਦੇ ਕੇਂਦਰ ਵਿਚ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਵਿਚ ਵੀ. ਪੀ. ਸਿੰਘ, ਚੰਦਰ ਸੇਖ਼ਰ, ਇੰਦਰ ਕੁਮਾਰ ਗੁਜਰਾਲ ਜਾਂ ਅਟੱਲ ਬਿਹਾਰੀ ਵਾਜਪਈ ਸ਼ਾਮਿਲ ਹਨ, ਨੇ ਵੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਰ-ਵਾਰ ਅਪੀਲ 'ਤੇ ਠੋਸ ਕਾਰਵਾਈ ਜਾਂ ਕੋਈ ਢੁੱਕਵਾਂ ਹੱਲ ਕੱਢਣ ਦਾ ਯਤਨ ਨਹੀਂ ਕੀਤਾ ਤੇ ਸਰਕਾਰ ਵੱਲੋਂ ਇਹ ਆਖਿਆ ਜਾਂਦਾ ਰਿਹਾ ਕਿ ਲਾਇਬ੍ਰੇਰੀ ਤਬਾਹ ਹੋ ਚੁੱਕੀ ਹੈ। ਇੱਥੋਂ ਤੱਕ ਕਿ ਦੇਸ਼ ਦੇ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਖ਼ੁਦ ਅੰਮ੍ਰਿਤਸਰ ਆ ਕੇ ਸਾਰੀ ਗੱਲ ਸੁਣਨ ਦੇ ਬਾਵਜੂਦ ਵੀ ਇਸ ਸਬੰਧੀ ਕੋਈ ਠੋਸ ਯਤਨ ਨਾ ਕਰ ਸਕੇ। ਇਸ ਨੂੰ ਸਿੱਖ ਕੌਮ ਪ੍ਰਤੀ ਬੇਰੁਖ਼ੀ ਦਾ ਸਿਖ਼ਰ ਹੀ ਕਿਹਾ ਜਾ ਸਕਦਾ ਹੈ ਕਿ ਸਾਰਾ ਕੁਝ ਸੀ. ਬੀ. ਆਈ. ਪਾਸ ਮੰਨਣ ਵਾਲੇ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਵਲੋਂ 17 ਅਗਸਤ 2000 ਨੂੰ ਜਲੰਧਰ ਵਿਚ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਨਾਲ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਵੱਜੀ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਫ਼ੌਜ ਵਲੋਂ ਚੁੱਕੇ 117 ਦਸਤਾਵੇਜ਼ ਅਦਾਲਤ ਦੇ ਹੁਕਮਾਂ ਅਨੁਸਾਰ ਰਾਸ਼ਟਰ ਵਿਰੋਧੀ ਪਾਏ ਗਏ, ਜਿਸ ਕਾਰਨ ਉਹ ਨਸ਼ਟ ਕਰ ਦਿੱਤੇ ਗਏ।
(ਬਾਕੀ 28 ਮਈ, ਸੋਮਵਾਰ ਦੇ ਸੰਪਾਦਕੀ ਸਫ਼ਾ (4) 'ਤੇ)

Saturday, May 26, 2012

ਅਨੰਦ ਮੈਰਿਜ (ਸੋਧ) ਐਕਟ, 2012 - ਕੀ ਖੱਟਿਆ ਕੀ ਗਵਾਇਆ?

18 ਮਈ, 2012 ਦੀਆਂ ਅਖਬਾਰਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਇਹ ਆਦੇਸ਼ ਆਏ ਕਿ ਅਨੰਦ ਮੈਰਿਜ (ਸੋਧ) ਐਕਟ, 2012 ਜੋ ਰਾਜ ਸਭਾ ਵਿਚ ਪਾਸ ਹੋਣ ਜਾ ਰਿਹਾ ਹੈ ਉਸ ਬਾਰੇ ਕੋਈ ਬਿਆਨਬਾਜੀ ਨਹੀਂ ਕਰਨੀ ਚਾਹੀਦੀ, ਤਾਂ ਮੈਂ ਇਕ ਨਿਮਾਣਾ ਸਿੱਖ ਹੋਣ ਨਾਤੇ ਰਾਜ ਸਭਾ ਅਤੇ ਲੋਕ ਸਭਾ ਵਿਚ ਇਸ ਬਿੱਲ ਦੇ ਪਾਸ ਹੋਣ ਤੱਕ ਬਿਆਨਬਾਜੀ ਨਾ ਕਰਨਾ ਹੀ ਠੀਕ ਸਮਝਿਆ । ਇਸ ਦੇ ਬਾਵਜੂਦ ਕਿ ਮੇਰੇ 21 ਅਤੇ 23 ਅਪ੍ਰੈਲ, 2012 ਨੂੰ ਅਖ਼ਬਾਰਾਂ ਵਿਚ ਛਪੇ 'ਅਨੰਦ ਮੈਰਿਜ ਐਕਟ ਦਾ ਸੱਚ" ਅਤੇ ਚੀਫ਼ ਖ਼ਾਲਸਾ ਦੀਵਾਨ ਨੂੰ ਪੇਸ਼ ਕੀਤੇ "ਸਿੱਖ ਵਿਆਹ ਐਕਟ" ਦੇ ਖਰੜੇ ਬਾਰੇ ਬੇਬੁਨਿਆਦ ਅਤੇ ਬੇਵਜ੍ਹਾ ਸ਼ਬਦ ਵਰਤੇ ਗਏ। ਹੁਣ ਅਨੰਦ ਮੈਰਿਜ (ਸੋਧ) ਬਿੱਲ, 2012, 21 ਮਈ ਨੂੰ ਰਾਜ ਸਭਾ ਅਤੇ 22 ਮਈ, 2012 ਨੂੰ ਲੋਕ ਸਭਾ ਵਿਚ ਸਾਰੀਆ ਪਾਰਟੀਆਂ ਦੀ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਕੁਝ ਰਾਜਨੀਤਕ ਪਾਰਟੀਆਂ ਦੇ ਮੈਂਬਰਾਂ ਨੇ ਦੋਨਾ ਸਦਨਾਂ ਵਿਚ ਬਹਿਸ ਵਿਚ ਹਿੱਸਾ ਲਿਆ ਅਤੇ ਕੁਝ ਪ੍ਰਮੁਖ ਰਾਜਸੀ ਪਾਰਟੀਆਂ ਨੇ ਬਿਲਕੁਲ ਚੁੱਪੀ ਧਾਰਨਾ ਹੀ ਸਿਆਣਪ ਸਮਝਿਆ ਤੇ ਇਕ ਸ਼ਬਦ ਵੀ ਮੂਹੋਂ ਨਹੀਂ ਕਢਿਆ। ਪਰ ਇਹ ਵੀ ਸੱਚ ਹੈ ਕਿ ਭਾਰਤ ਅਤੇ ਸੂਬੇ ਦੀਆਂ ਰਾਜਸੀ ਸ਼ਖ਼ਸੀਅਤਾਂ ਨੇ ਇਸ ਬਿਲ ਦੇ ਪਾਸ ਕਰਵਾਉਣ ਦਾ ਸਿਹਰਾ ਆਪਣੀ ਆਪਣੀ ਪਾਰਟੀ ਦੇ ਨੇਤਾਵਾਂ ਜਾਂ ਕਿਸੇ ਖਾਸ ਵਿਅਕਤੀ ਦੇ ਸਿਰ ਬੰਨ੍ਹਣ ਵਿਚ ਕੋਈ ਕਸਰ ਨਹੀਂ ਛੱਡੀ।
ਹੁਣ ਸਮਾਂ ਆ ਗਿਆ ਹੈ, ਕਿ ਅਸੀਂ ਜੋ ਅਨੰਦ ਮੈਰਿਜ (ਸੋਧ) ਬਿਲ, 2012 ਪਾਸ ਹੋਇਆ, ਹੈ ਉਸ ਦੀ ਕਾਨੂੰਨਾਤਮਿਕ ਅਤੇ ਸਿੱਖੀ ਮਰਿਯਾਦਾ ਪੱਖੋਂ ਸਮੀਖਿਆ ਕਰੀਏ। ਇਸ ਦੇ ਪਾਸ ਹੋਣ ਨਾਲ ਸਿੱਖ ਭਾਈਚਾਰੇ ਤੇ' ਪੈਣ ਵਾਲੇ ਪ੍ਰਭਾਵ ਬਾਰੇ ਪੜਚੋਲ ਕਰੀਏ ਅਤੇ ਪੂਰੀ ਸੱਚਾਈ ਜਾਨਣ ਦਾ ਯਤਨ ਕਰੀਏ। ਹੁਣ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਸੋਧ ਨਾਲ ਸਿਖਾਂ ਨੇ ਕੀ ਕੁਝ ਖੱਟਿਆ ਜਾਂ ਕੀ ਕੁਝ ਗਵਾਇਆ ਹੈ ? ਵੈਸੇ ਤਾਂ ਇਸ ਸੋਧ ਨੂੰ ਕੁਝ ਵਿਅਕਤੀਗਤ ਲਾਹਾ ਲੈਣ ਵਾਲੇ ਟੋਲੇ ਵਲੋਂ ਇਹ ਪ੍ਰਚਾਰ ਬੜੇ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਿੱਖ ਕੌਮ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸਿੱਖਾਂ ਦੀ ਵੱਖਰੀ ਪਹਿਚਾਣ ਬਣੀ ਹੈ। ਬਾਹਰਲੇ ਮੁਲਕਾਂ ਵਿਚ ਇਸ ਸੋਧ ਨਾਲ ਸਿੱਖਾਂ ਨੂੰ ਵਿਆਹ ਰਜਿਸਟਰੇਸ਼ਨ ਸਮੇਂ ਸਿੱਖਾਂ ਦੇ ਵੱਖਰੇ ਵਿਆਹ ਦਾ ਪਰਮਾਣ ਪੱਤਰ ਮਿਲਿਆ ਕਰੇਗਾ। ਉਹਨਾਂ ਵਲੋਂ ਬਹੁਤ ਹੀ ਪੁਰਜੋਰ ਪ੍ਰਚਾਰ ਇਹ ਵੀ ਕੀਤਾ ਗਿਆ ਕਿ ਸਿੱਖਾਂ ਵਿਚ ਤਲਾਕ ਦੀ ਪ੍ਰਥਾ ਨਹੀਂ ਹੈ ਤੇ ਇਸ ਕਰਕੇ ਇਸ ਸੋਧ ਰਾਹੀਂ ਅਨੰਦ ਮੈਰਿਜ ਐਕਟ ਵਿਚ ਜਾਣਬੁਝ ਕੇ ਇਹ ਗੱਲ ਨਹੀਂ ਲਿਆਂਦੀ ਗਈ।
ਜੇ ਅਸੀਂ ਭਾਰਤੀ ਮੰਤਰੀ ਮੰਡਲ ਵਲੋਂ 12 ਅਪ੍ਰੈਲ, 2012 ਨੂੰ ਇਸ ਸੋਧ ਬਿਲ ਦੀ ਮਨਜੂਰੀ ਤੋਂ ਬਾਅਦ ਦਾ ਸਮਾਂ ਦੇਖੀਏ ਤਾਂ ਇਹ ਤੱਥ ਬਿਲਕੁਲ ਸਪਸ਼ਟ ਹਨ ਕਿ ਪਹਿਲਾਂ ਇਸ ਸੋਧ ਦੇ ਹਮਾਇਤੀਆਂ ਨੇ ਸਿੱਖਾਂ ਵਿਚ ਇਹ ਆਮ ਪ੍ਰਭਾਵ ਦੇਣ ਦੀ ਸਿਰਤੋੜ ਕੋਸ਼ਿਸ਼ ਕੀਤੀ ਕਿ ਉਹ 'ਅਨੰਦ ਵਿਆਹ ਐਕਟ, 1909' ਲਾਗੂ ਕਰਵਾ ਰਹੇ ਹਨ। ਸਿਖਾਂ ਦੀ ਨਵੀਂ ਪਹਿਚਾਣ ਬਣਾਈ ਜਾ ਰਹੀ ਹੈ। ਪਰ 21 ਅਤੇ 23 ਅਪ੍ਰੈਲ, 2012 ਨੂੰ ਲਗਭਗ ਸਾਰੇ ਪ੍ਰਮੁਖ ਅਖ਼ਬਾਰਾਂ ਵਿਚ ਮੇਰਾ ਲੇਖ, (ਬਿਨਾ ਜਲੰਧਰ ਤੋਂ ਛਪਦੇ ਉਸ ਪ੍ਰਮੁਖ ਅਖ਼ਬਾਰ ਤੋਂ ਜਿਸ ਨੇ ਮੇਰਾ ਲੇਖ ਛਾਪਣ ਤੋਂ ਇਹ ਕਹਿਕੇ ਨਾਂਹ ਕਰ ਦਿੱਤੀ ਸੀ ਕਿ ਤੁਹਾਡੇ ਵਿਚਾਰ ਵੱਖਰੇ ਹਨ), 'ਅਨੰਦ ਮੈਰਿਜ ਐਕਟ ਦਾ ਸੱਚ' ਸਿਰਲੇਖ ਹੇਠ ਛਪਿਆ। ਉਸ ਨੂੰ ਪੜ੍ਹਨ ਤੋਂ ਬਾਅਦ ਹਰ ਪਾਠਕ ਸੁਚੇਤ ਹੋ ਗਿਆ ਕਿ ਅਨੰਦ ਮੈਰਿਜ ਐਕਟ ਕਿਸੇ ਤਰੀਕੇ ਨਾਲ ਲਾਗੂ ਹੋਣ ਨਹੀਂ ਜਾ ਰਿਹਾ, ਬਲਕਿ ਇਹ 1909 ਤੋਂ ਲਾਗੂ ਚਲਿਆ ਆ ਰਿਹਾ ਹੈ।ਸਿੱਖਾਂ ਦੀ ਵਖਰੀ ਹੋਂਦ ਜੋ ਅਨੰਦ ਮੈਰਿਜ ਐਕਟ ਦੇ 1909 ਵਿਚ ਪਾਸ ਹੋਣ ਨਾਲ ਬਣੀ ਸੀ, ਉਹ ਹਮੇਸ਼ਾ ਬਰਕਰਾਰ ਹੈ। ਜਾਗਰੁਕ ਹੋਣ ਕਰਕੇ ਇਹ ਵੀ ਗੱਲ ਸਾਹਮਣੇ ਆ ਗਈ ਕਿ ਅਸਲ ਵਿਚ ਇਹ ਕੋਈ ਵਖਰਾ ਵਿਆਹ ਦਾ ਕਾਨੂੰਨ ਨਹੀਂ ਬਨਣ ਜਾ ਰਿਹਾ ਬਲਕਿ ਅਨੰਦ ਕਾਰਜ ਰੀਤੀ ਰਾਹੀਂ ਸਿੱਖਾਂ ਵਿਚ ਵਿਆਹ ਨੂੰ ਕਾਨੂੰਨੀ ਮਾਨਤਾ, ਜੋ 1909 ਵਿਚ ਪ੍ਰਦਾਨ ਕੀਤੀ ਗਈ ਸੀ, ਉਸ ਵਿਚ ਸਿਰਫ ਵਿਆਹ ਦੀ ਰਜਿਸਟਰੇਸ਼ਨ ਕਰਾਉਣ ਦੀ ਹੀ ਮੱਦ ਜੋੜੀ ਜਾ ਰਹੀ ਹੈ। ਇਸ ਸੋਧ ਦੇ ਹਮਾਇਤੀਆਂ ਵਲੋਂ ਆਪਣੇ ਝੂਠ ਦਾ ਪਾਜ ਖੁਲਦਾ ਦੇਖ ਕੇ ਸਿੱਖ ਜਗਤ ਨੂੰ ਭੰਬਲਭੂਸੇ ਵਿਚ ਪਾਉਣ ਲਈ ਇਕ ਨਵਾਂ ਮੁੱਦਾ ਉਠਾਇਆ ਗਿਆ ਕਿ ਸਿੱਖਾਂ ਮਰਿਆਦਾ ਅਨੁਸਾਰ ਤਲਾਕ ਦੀ ਵਿਵਸਥਾ ਨਹੀਂ ਹੈ। ਜੇ ਇਸ ਨੂੰ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਹੀਏ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ।
ਸਿੱਖ ਭਾਈਚਾਰੇ ਸਾਹਮਣੇ ਇਕ ਵੱਡਾ ਸਵਾਲ ਇਹ ਉਠਦਾ ਹੈ ਕਿ 60-62 ਸਾਲਾਂ ਤੋਂ ਕੀ ਸਿੱਖਾਂ ਦੀ ਮੰਗ ਕਿ ਉਹਨਾਂ ਦਾ ਆਪਣਾ ਪਰਸਨਲ ਲਾਅ ਹੋਵੇ ਅਤੇ ਇਕ ਸਵਤੰਤਰ ਸੰਪੂਰਣ 'ਸਿੱਖ ਵਿਆਹ ਐਕਟ' ਹੋਣਾ ਸੀ ਜਾਂ ਸਿੱਖ ਵਿਆਹ ਦੀ ਮਰਿਆਦਾ ਅਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਸਿੱਖ ਅਨੰਦ ਮੈਰਿਜ ਐਕਟ, 1909 ਵਿਚ ਸਿਰਫ ਵਿਆਹ ਦੀ ਰਜਿਸਟਰੇਸ਼ਨ ਦੀ ਮੱਦ ਹੀ ਸ਼ਾਮਿਲ ਕਰਨਾ ਸੀ ? ਜਿਵੇਂ ਕਿ ਸੋਧ ਪੱਖੀਆਂ੍‍ ਵਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਇਸ ਸੋਧ ਨਾਲ ਸਿੱਖਾਂ ਦੀ ਮੂਲ ਮੰਗ ਪੂਰੀ ਹੋਈ ਹੈ, ਕੀ ਸਿੱਖਾਂ ਦੀ ਇਹੋ ਮੰਗ ਸੀ? ਕੀ ਸਚਾਈ ਇਹ ਨਹੀਂ ਹੈ ਕਿ ਪਿਛਲੇ 60-62 ਸਾਲਾਂ ਤੋਂ ਸਿੱਖਾਂ ਦੀ ਅਸਲੀ ਮੰਗ ਤਾਂ ਉਹਨਾ ਦਾ ਆਪਣਾ ਸਵਤੰਤਰ ਪਰਸਨਲ ਕਾਨੂੰਨ ਅਤੇ ਆਪਣਾ ਸੰਪੂਰਨ ਸਿੱਖ ਵਿਆਹ ਐਕਟ ਸੀ ? ਕੀ ਉਹਨਾਂ ਦੀ ਮੂਲ ਮੰਗ ਇਹ ਨਹੀਂ ਸੀ ਕਿ ਸਿੱਖਾਂ ਨੂੰ ਹਿੰਦੂ ਵਿਆਹ ਐਕਟ, 1955 ਵਿਚੋਂ ਕੱਢ ਕੇ ਸਵਤੰਤਰ ਬਣਾਇਆ ਜਾਵੇ ? ਹੁਣ ਜਦੋਂ ਇਹ ਸੋਧ ਬਿਲ ਰਾਜ ਸਭਾ ਤੇ ਲੋਕ ਸਭਾ ਵਿਚ ਪਾਸ ਹੋ ਗਿਆ ਹੈ ਅਤੇ ਇਸ ਦੀ ਕਾਪੀ ਇੰਟਰਨੈਟ ਤੇ' ਵੀ ਮਿਲ ਰਹੀ ਹੈ ਤਾਂ ਬਿੱਲੀ ਥੈਲਿਉਂ ਬਾਹਰ ਆ ਗਈ ਹੈ। ਇਸ ਪਾਸ ਹੋਏ ਬਿਲ ਨੂੰ ਜੇਕਰ ਗਹਿਰਾਈ ਨਾਲ ਘੋਖਿਆ ਜਾਵੇ ਤਾਂ ਅਨੰਦ ਮੈਰਿਜ ਐਕਟ 1909 ਵਿਚ ਇਕ ਨਵੀਂ ਧਾਰਾ 6 ਜੋੜੀ ਗਈ ਹੈ ਜੋ ਵਿਆਹ ਦੀ ਰਜਿਸਟਰੇਸ਼ਨ ਤੱਕ ਹੀ ਸੀਮਿਤ ਹੈ, ਤੇ ਜਦੋਂ ਅਸੀਂ ਨਵੀਂ ਧਾਰਾ 6 ਨੂੰ ਡੂੰਘਾਈ ਨਾਲ ਵਾਚਦੇ ਹਾਂ ਤਾਂ ਹੇਠ ਲਿਖੇ ਹੈਰਾਨੀਜਨਕ ਤੱਥ ਸਾਹਮਣੇ ਆਂਉਦੇ ਹਨ।
ਜੋ 'ਵਿਆਹ' ਸਿੱਖਾਂ ਵਿਚ ਅਨੰਦ ਕਾਰਜ ਰਾਹੀਂ ਸੰਪੂਰਨ ਹੋਵੇਗਾ ਉਸ ਨੂੰ ਕਿਤੇ ਵੀ "ਸਿੱਖ ਵਿਆਹ" ਦਾ ਨਾਉਂ ਨਹੀਂ ਦਿੱਤਾ ਗਿਆ। ਜਿਸ ਰਜਿਸਟਰ ਵਿਚ ਵਿਆਹ ਰਜਿਸਟਰ ਹੋਵੇਗਾ ਉਸਨੂੰ 'ਸਿੱਖ ਵਿਆਹ ਰਜਿਸਟਰ' ਨਹੀਂ ਬਲਕਿ 'ਵਿਆਹ ਰਜਿਸਟਰ' ਦਾ ਨਾਉਂ ਦਿੱਤਾ ਗਿਆ ਹੈ। ਅਨੰਦ ਕਾਰਜ ਦੀ ਮਰਿਆਦਾ ਜਾਂ ਰੀਤੀ ਜਿਸ ਨੂੰ ਸਿੱਖਾਂ ਵਿਚ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਸਮਝਿਆ ਜਾਂਦਾ ਹੈ, ਅਤੇ ਜਿਸ ਨੂੰ ਅੰਗਰੇਜਾਂ ਨੇ ਵੀ 1909 ਵਿਚ ਅਨੰਦ ਮੈਰਿਜ ਐਕਟ ਪਾਸ ਕਰਨ ਵੇਲੇ ਸਵੀਕਾਰਿਆ ਸੀ, ਉਹ ਇਸ ਨਵੀਂ ਜੋੜੀ ਧਾਰਾ 6 ਅਧੀਨ ਸਿਰਫ ਸਿੱਖਾਂ ਵਿਚ 'ਰਿਵਾਜ' (Custom) ਬਣਾ ਦਿੱਤੀ ਗਈ ਹੈ। ਹਿੰਦੂ ਵਿਆਹ ਐਕਟ ਵਿਚ ਜੋ ਰਜਿਸਟਰੇਸ਼ਨ ਦੀ ਧਾਰਾ 8 ਹੈ, ਜੇ ਉਸ ਦੀ ਅਨੰਦ ਮੈਰਿਜ ਐਕਟ ਦੀ ਸੋਧ ਨਾਲ ਜੋੜੀ ਗਈ ਨਵੀਂ ਧਾਰਾ 6 ਨਾਲ ਤੁਲਨਾ ਕਰੀਏ, ਤਾਂ ਸਪਸ਼ਟ ਹੋ ਜਾਂਦਾ ਹੈ ਕਿ ਹਿੰਦੂ ਵਿਆਹ ਐਕਟ 1955 ਅਧੀਨ ਹੋਈ ਰਜਿਸਟਰੇਸ਼ਨ 'ਹਿੰਦੂ ਵਿਆਹ ਦਾ ਪ੍ਰਮਾਣ' ਹੈ (For the purpose of facilitating the proof of Hindu Marriage), ਜਦ ਕਿ ਅਨੰਦ ਮੈਰਿਜ ਐਕਟ ਦੀ ਧਾਰਾ 6 ਅਨੁਸਾਰ ਇਹ ਪ੍ਰਮਾਣ 'ਸਿੱਖ ਵਿਆਹ' ਦਾ ਨਹੀਂ ਬਲਕਿ ਸਿਰਫ ਵਿਆਹ ਦੀ ਰਸਮ (ਆਮ ਤੌਰ ਤੇ ਅਨੰਦ ਕਾਰਜ ਨਾਲ ਜਾਣਿਆ) ਸਿੱਖਾਂ ਵਿਚ ਪ੍ਰਚਲਿਤ 'ਰਿਵਾਜ' ਦਾ ਹੋਵੇਗਾ। (For the purpose of facilitating proof of marriage ceremony (commonly known as Anand Karaj) customary among the Sikhs). ਇਥੇ ਇਹ ਵੀ ਜਾਨਣਾ ਬਹੁਤ ਮਹੱਤਵ ਰਖਦਾ ਹੈ ਕਿ 1909 ਵਿਚ ਜਦੋਂ ਅਨੰਦ ਮੈਰਿਜ ਐਕਟ ਬਣਾਇਆ ਗਿਆ ਤਾਂ ਉਸ ਵਿਚ ਕਿਤੇ ਵੀ ਹਿੰਦੂ ਸ਼ਬਦ ਜਾਂ ਹਿੰਦੂਆਂ ਨਾਲ ਸਬੰਧਤ ਕਿਸੇ ਕਾਨੂੰਨ ਦਾ ਜਿਕਰ ਨਹੀਂ ਕੀਤਾ ਗਿਆ, ਬਲਕਿ ਸਿੱਖਾਂ ਦੀ ਵੱਖਰੀ ਹੋਂਦ ਨੂੰ ਪ੍ਰਮਾਣਤ ਕਰਦੇ ਹੋਏ ਸਿਰਫ ਸਿੱਖਾਂ ਲਈ ਹੀ ਬਣਾਇਆ ਗਿਆ। ਪਰ ਹੁਣ ਨਵੀਂ ਸੋਧ ਨਾਲ ਜੋੜੀ ਗਈ ਧਾਰਾ 6 ਵਿਚ ਸਪਸ਼ਟ ਲਿਖ ਦਿੱਤਾ ਗਿਆ ਹੈ ਕਿ ਜੋ ਧਿਰਾਂ ਦੇ ਵਿਆਹ ਦੀ ਰਜਿਸਟਰੇਸ਼ਨ ਹੋਣੀ ਹੈ, ਇਹ 'ਹਿੰਦੂ ਵਿਆਹ ਐਕਟ 1955' ਵਿਚ ਦਰਜ ਕੋਈ ਵੀ ਚੀਜ ਦੇ ਉਲਟ ਜਾਂ ਵਿਪਰੀਤ ਪਾਏ ਬਿਨਾਂ ਹੋਵੇਗੀ (Without prejudice to anything contained in the Hindu Marriage Act, 1955) । ਕੀ ਇਹ ਨਿਰੋਲ ਸਿੱਖਾਂ ਨਾਲ ਸਬੰਧਤ 'ਅਨੰਦ ਮੈਰਿਜ ਐਕਟ' ਵਿਚ 'ਹਿੰਦੂ ਵਿਆਹ ਐਕਟ' ਦਾ ਦਰਜ ਕਰਨਾ ਹੀ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ?
ਵਿਚਾਰਨ ਵਾਲੀ ਗੱਲ ਇਹ ਹੈ ਕਿ ਹਿੰਦੂਆਂ ਲਈ ਹਿੰਦੂ ਵਿਆਹ ਐਕਟ ਦੀ ਧਾਰਾ 8 ਵਿਚ 'ਹਿੰਦੂ ਵਿਆਹ ਰਜਿਸਟਰ' ਦੀ ਵਿਵਸਥਾ ਅਤੇ ਸਿੱਖਾਂ ਲਈ ਅਨੰਦ ਮੈਰਿਜ ਐਕਟ ਦੀ ਨਵੀਂ ਧਾਰਾ 6 ਵਿਚ ਸਿਰਫ 'ਵਿਆਹ ਰਜਿਸਟਰ' ਸ਼ਬਦ ਵਰਤਣਾ, ਕੀ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ?
ਹਿੰਦੂ ਵਿਆਹ ਐਕਟ ਦੀ ਧਾਰਾ 7 ਵਿਚ ਹਿੰਦੂਆਂ ਦੇ ਵਿਆਹ ਦੀ ਪ੍ਰਕਿਰਿਆ (ਸਪਤਪਦੀ) ਨੂੰ ਤਾਂ 'ਰੀਤੀ' ਦਾ ਦਰਜ਼ਾ ਦੇਣਾ, ਪਰ ਸਿੱਖਾਂ ਨੂੰ ਹੁਣ ਸੋਧ ਤੋਂ ਬਾਅਦ ਆਨੰਦ ਕਾਰਜ ਦੀ ਮਰਿਆਦਾ ਨੂੰ 'ਰਿਵਾਜ' ਦਾ ਦਰਜਾ ਦੇਣਾ, ਕਿੰਨੀ ਕੁ ਵੱਡੀ ਪ੍ਰਾਪਤੀ ਹੈ?
ਆਮ ਪਾਠਕਾਂ ਨੂੰ ਤਾਂ ਇਹ ਲੱਗੇਗਾ ਕਿ ਸ਼ਾਇਦ ਇਹ ਛੋਟੀਆਂ ਜਿਹੀਆਂ ਊਣਤਾਈਆਂ ਹੋਣਗੀਆਂ।ਪਰ ਕਾਨੂੰਨ ਨੂੰ ਜਾਨਣ ਵਾਲੇ ਇਸ ਗੱਲ ਦੀ ਮਹੱਤਤਾ ਨੂੰ ਜਰੂਰ ਸਮਝ ਲੈਣਗੇ ਕਿ ਹੁਣ ਰਜਿਸ਼ਟਰੇਸਨ ਦੀ ਨਵੀਂ ਧਾਰਾ 6 ਜੋੜਨ ਨਾਲ ਸਿੱਖਾਂ ਨੂੰ ਅਨੰਦ ਮੈਰਿਜ ਐਕਟ, 1909 ਵਿਚ ਅਨੰਦ ਕਾਰਜ ਦੀ 'ਮਰਿਯਾਦਾ' (ਸੰਸਕਾਰ) ਨੂੰ ਇਕ 'ਰੀਤੀ' ਦੀ ਪ੍ਰਮਾਣਿਕਤਾ ਨੂੰ ਖਤਮ ਕਰਦੇ ਹੋਏ ਉਸ ਦਾ ਸਰੂਪ ਬਦਲਕੇ ਸਿਰਫ 'ਰਿਵਾਜ' ਕਹਿਣਾ ਕਿੰਨਾਂ ਨੁਕਸਾਨਦੇਹ ਹੈ।

ਇੱਥੇ ਇਕ ਹੋਰ ਵੀ ਤੱਥ ਬਹੁਤ ਮਹੱਤਵਪੂਰਨ ਹੈ ਕਿ ਜੋ ਇਸ ਸੋਧ ਬਾਰੇ ਕੁਝ ਨਿਜੀ ਸੁਆਰਥੀ ਹਮਾਇਤੀਆਂ ਵਲੋਂ ਪ੍ਰਚਾਰ ਕੀਤਾ ਗਿਆ ਕਿ ਜੋ ਇਹ ਅਨੰਦ ਮੈਰਿਜ ਸੋਧ ਬਿਲ, 2012 ਪਾਸ ਹੋਇਆ ਹੈ, ਉਹ ਉਨ੍ਹਾਂ ਦੁਆਰਾ 2007 ਵਿਚ ਆਰੰਭੇ ਯਤਨਾ ਸਦਕਾ ਰਾਜ ਸਭਾ ਵਿਚ ਇਕ ਪ੍ਰਾਈਵੇਟ ਬਿਲ ਪੇਸ਼ ਕਰਨ ਕਰਕੇ ਹੋਇਆ ਹੈ।
ਸਿੱਖ ਵੀਰੋ ਅਤੇ ਭੈਣੋ! ਤੁਸੀਂ ਇਹ ਜਾਣਕੇ ਹੈਰਾਨ ਹੋਵੋਗੇ ਕਿ ਜੋ ਇਹ ਸੋਧ ਬਿਲ 2012 ਹੁਣ ਰਾਜ ਸਭਾ ਤੇ ਲੋਕ ਸਭਾ ਵਿਚ ਪਾਸ ਹੋਇਆ ਹੈ ਉਸ ਦਾ ਸਰੂਪ 2007 ਵਾਲੇ ਖਰੜੇ ਤੋ' ਵੀ ਬਿਲਕੁਲ ਵੱਖਰਾ ਹੈ। ਜੇ 2007 ਦੇ ਸੋਧ ਬਿਲ ਨੂੰ ਗਹੁ ਨਾਲ ਵੇਖੀਏ ਤਾਂ ਉਸ ਵਿਚ ਲਿਖਿਆ ਸੀ ਕਿ "ਕੋਈ ਹੋਰ ਕਾਨੂੰਨ ਹੋਣ ਦੇ ਬਾਵਜੂਦ ਵੀ ਆਨੰਦ ਵਿਆਹ ਦੇ ਪ੍ਰਮਾਣ ਵਜੋਂ" ਆਨੰਦ ਮੈਰਿਜ ਐਕਟ 1909 ਅਧੀਨ ਅਨੰਦ ਵਿਆਹ ਦੀ ਰਜਿਸ਼ਟਰੇਸ਼ਨ ਦਾ ਪ੍ਰਬੰਧ ਹੋਣਾ ਸੀ। (Notwithstanding anything in any law, for the purpose of facilitating the proof of Anand Marriage) (ਭਾਂਵੇ ਕਿ ਉਸ ਵਕਤ ਵੀ ਇਸ ਬਿਲ ਵਿਚ ਪਤਾ ਨਹੀ' ਕਿੰਨ੍ਹਾ ਕਾਰਨਾਂ ਕਰਕੇ 'ਸਿੱਖ' ਸ਼ਬਦ ਵਰਤਣ ਤੋ' ਗੁਰੇਜ ਕੀਤਾ ਗਿਆ) ਅਤੇ ਹੁਣ ਹੋਈ ਸੋਧ ਰਾਹੀਂ ਤਾਂ ਹਿੰਦੂ ਵਿਆਹ ਐਕਟ 1955 ਦੇ ਕਿਸੇ ਵੀ ਪਰਾਵਧਾਨ ਦੇ ਉਲਟ ਅਸਰ ਪਾਏ ਬਿਨਾਂ (Without prejudice to anything contained in the Hindu Marriage Act, 1955) ਜਾਂ ਸਰਲ ਸ਼ਬਦਾਂ ਵਿਚ ਕਹਿ ਲਈਏ ਕਿ ਹਿੰਦੂ ਵਿਆਹ ਐਕਟ 1955 ਦੇ ਸਾਰੇ ਪਰਾਵਧਾਨ ਮੰਨਦੇ ਹੋਏ ਜਾਂ ਉਨ੍ਹਾਂ ਅਧੀਨ ਰਹਿੰਦੇ ਹੋਏ, ਕੀ ਇਸ ਗੱਲ ਦਾ ਪ੍ਰਮਾਣ ਨਹੀਂ ਕਿ ਸਿੱਖਾਂ ਨੂੰ ਹਮੇਸ਼ਾਂ ਲਈ ਹਿੰਦੂ ਕਾਨੂੰਨ ਅਧੀਨ ਕਰ ਦੇਣ ਵਾਲਾ ਕਾਨੂੰਨ ਪਾਸ ਹੋਇਆ ਹੈ।
ਹੁਣ ਇਸ ਨਵੀਂ ਸੋਧ ਨਾਲ ਅਨੰਦ ਮੈਰਿਜ ਐਕਟ ਵਿਚ ਹਿੰਦੂ ਮੈਰਿਜ ਐਕਟ ਦਾ ਉਲੇਖ ਕਰਨਾ ਕੀ ਹਮੇਸ਼ਾ ਲਈ ਸਿੱਖਾਂ ਨੂੰ ਹਿੰਦੂਆਂ ਦੇ ਵਿਆਹ ਐਕਟ ਅਧੀਨ ਰੱਖਣਾ ਨਹੀਂ ਹੋਵੇਗਾ ? ਅਨੰਦ ਕਾਰਜ 'ਰਿਵਾਜ' ਰਾਹੀਂ ਸਿੱਖਾਂ ਵਿਚ ਵਿਆਹ ਦੀ ਰਜਿਸਟਰੇਸ਼ਨ ਅਨੰਦ ਮੈਰਿਜ ਐਕਟ ਦੀ ਧਾਰਾ 6 ਅਧੀਨ, ਪਰ ਵਿਆਹ ਦੀਆਂ ਸ਼ਰਤਾਂ, ਨਿਆਂਇਕ ਅਲਹਿਦਗੀ, ਵਿਆਹ ਦਾ ਮੁੜ ਸਥਾਪਨ, ਸੁੰਨ ਕਰਣ ਯੋਗ ਵਿਆਹ, ਤਲਾਕ, ਜਾਇਜ-ਨਾਜਾਇਜ ਬੱਚਿਆਂ ਦੀ ਸਥਿਤੀ, ਗੁਜਾਰਾ ਤੇ ਸਥਾਈ ਵਿਆਹ ਗੁਜਾਰਾ, ਬੱਚਿਆਂ ਦੀ ਸਿੱਖਿਆ, ਸੰਭਾਲ ਅਤੇ ਦੇਖਭਾਲ, ਅਤੇ ਵਿਆਹੁਤਾ ਧਿਰਾਂ ਦੀ ਸੰਪਤੀ ਦਾ ਨਿਬੇੜਾ ਸਭ ਕੁਝ ਹਿੰਦੂ ਵਿਆਹ ਐਕਟ 1955 ਅਧੀਨ ਰਖਣਾ, ਕੀ ਇਹੀ ਸਿੱਖਾਂ ਦੀ ਲੰਮੇ ਸਮੇਂ ਤੋਂ ਆ ਰਹੀ ਮੰਗ ਸੀ ਜੋ ਹੁਣ ਮੰਨੀ ਗਈ ਹੈ ? ਸੱਚ ਤਾਂ ਇਹ ਹੈ ਕਿ ਸਿੱਖਾਂ ਦੀ ਮੰਗ ਤਾਂ ਹਮੇਸ਼ਾਂ ਸਿੱਖਾਂ ਲਈ ਵੱਖਰਾ ਸਿੱਖ ਵਿਆਹ ਕਾਨੂੰਨ ਦੀ ਰਹੀ ਹੈ।
ਜਦੋ' ਨਵੀਂ ਸੋਧ ਦੀ ਮੱਦ 6 ਅਧੀਨ ਸਿੱਖ ਹੁਣ 'ਸਿੱਖ ਵਿਆਹ' ਨਹੀ' ਲਿਖਵਾ ਸਕਦੇ, ਵਿਆਹ ਰਜਿਸਟਰ ਨੂੰ 'ਸਿੱਖ ਵਿਆਹ ਰਜਿਸਟਰ' ਹੀ ਨਹੀ' ਕਹਿ ਸਕਦੇ ਤਾਂ ਕਿਸ ਆਧਾਰ ਤੇ ਅਸੀਂ ਸਿੱਖਾਂ ਲਈ ਵੱਖਰੀ ਹੋਂਦ ਦੀ ਪ੍ਰਾਪਤੀ ਦੀ ਗੱਲ ਕਰ ਰਹੇ ਹਾਂ ? ਸੱਚ ਤਾਂ ਇਹ ਹੈ ਕਿ ਨਵੀਂ ਸੋਧ ਦੁਆਰਾ ਜੋੜੀ ਗਈ ਧਾਰਾ 6 ਨੂੰ ਜੇ ਪੂਰਨ ਤੌਰ ਤੇ ਵੇਖੀਏ ਤਾਂ ਸਿੱਖ ਵਿਆਹ ਦੀ ਮਰਿਯਾਦਾ ਨੂੰ ਹਿੰਦੂ ਮੈਰਿਜ ਐਕਟ ਦੇ ਮਾਤਹਿਤ ਬਣਾ ਦਿੱਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਇਕ ਉਚ ਅਧਿਕਾਰੀ ਵੱਲੋ' ਜਦੋ' 8 ਮਈ, 2012 ਨੂੰ ਦਾਸ ਨੂੰ ਇਸ ਨਵੀ' ਸੋਧ ਦੀ ਮੱਦ 6 ਬਾਰੇ ਘੋਖਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੂੰ ਅਸਾਂ ਇਹ ਬੇਨਤੀ ਕੀਤੀ ਕਿ ਅਸੀਂ ਤਾਂ ਹਮੇਸ਼ਾਂ ਇਸ ਵਿਚਾਰਧਾਰਾ ਦੇ ਰਹੇ ਹਾਂ ਕਿ ਸਿੱਖਾਂ ਦਾ ਆਪਣਾ ਸਵਤੰਤਰ ਸੰਪੂਰਣ 'ਸਿੱਖ ਵਿਆਹ ਐਕਟ' ਹੋਣਾ ਚਾਹੀਦਾ ਹੈ ਜੋ ਸਿੱਖਾਂ ਨੂੰ ਹਿੰਦੂ ਵਿਆਹ ਐਕਟ ਚੋਂ' ਬਾਹਰ ਕੱਢ ਸਕੇ, ਨਾ ਕਿ ਆਨੰਦ ਮੈਰਿਜ ਐਕਟ, 1909 ਵਿਚ ਸਿਰਫ਼ ਰਜਿਸਟਰੇਸ਼ਨ ਦੀ ਧਾਰਾ ਜੋੜ ਕੇ ਸਿੱਖਾਂ ਨੂੰ ਹੋਰ ਉਲਝਣਾਂ ਵਿਚ ਫਸਾਇਆ ਜਾਵੇ।
ਸਭ ਤੋਂ ਵੱਧ ਹੈਰਾਨੀਜਨਕ ਤੱਥ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੋ ਰਾਜ ਸਭਾ ਵਿਚ ਬਿਲ ਦੇ ਖਰੜੇ ਨੂੰ ਪੇਸ਼ ਹੋਣ ਤੋਂ ਪਹਿਲਾਂ ਤਰਮੀਮਾਂ ਸੁਝਾਈਆਂ ਗਈਆਂ ਕਿ ਵਿਆਹ ਸ਼ਬਦ ਦੀ ਬਜਾਏ 'ਸਿੱਖ ਵਿਆਹ' ਅਤੇ ਵਿਆਹ ਰਜਿਸਟਰ ਦੀ ਥਾਂ 'ਸਿੱਖ ਵਿਆਹ ਰਜਿਸਟਰ', ਦੂਸਰੀ ਮਹੱਤਵਪੂਰਣ ਸੋਧ ਕਰਵਾਉਣ ਦੀ ਸਿਫਾਰਸ਼ ਕਿ "Without prejudice to anything contained in the Hindu Marriage Act, 1955" ਦੀ ਥਾਂ "Notwithstanding anything contained in the Hindu Marriage Act" ਸ਼ਬਦਾਂ ਦੀ ਵਰਤੋ' ਕੀਤੀ ਜਾਵੇ, ਵੀ ਨਹੀਂ ਮੰਨੀਆਂ ਗਈਆਂ, ਜਿਨ੍ਹਾਂ ਨੂੰ ਕਰਵਾਉਣ ਦਾ ਭਰੋਸਾ ਇਹਨਾਂ ਸਵਾਰਥੀ ਹਮਾਇਤੀਆਂ ਵਲੋਂ ਦਿੱਤਾ ਗਿਆ ਸੀ। ਭਾਰਤ ਦੀ ਪਾਰਲੀਮੈਂਟ ਵਿਚ ਕੋਈ ਵੀ ਕਾਨੂੰਨ ਪਾਸ ਕਰਵਾਉਣਾ ਜਾਂ ਤਰਮੀਮ ਕਰਵਾਉਣੀ ਕੋਈ ਬੱਚਿਆਂ ਦਾ ਖੇਲ ਨਹੀਂ। ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਸਿੱਖਾਂ ਨੂੰ ਆਪਣਾ ਵਖਰਾ ਸਿੱਖ ਮੈਰਿਜ ਐਕਟ ਬਨਵਾਉਣ ਦਾ ਸੁਨਹਿਰੀ ਮੌਕਾ ਮਿਲਿਆ, ਜਿਸ ਨੂੰ ਬਦਕਿਸਮਤੀ ਨਾਲ ਅਸੀਂ ਗਵਾ ਦਿੱਤਾ। ਭਾਰਤੀ ਕਾਨੂੰਨ ਮੰਤਰੀ ਵਲੋਂ ਇਹ ਕਹਿਣਾ ਬਿਲਕੁਲ ਉਚਿਤ ਸੀ ਕਿ ਸਿੱਖਾਂ ਨੇ ਤਾਂ ਉਹਨਾਂ ਦੀ ਸਰਕਾਰ ਕੋਲੋਂ ਸਵਤੰਤਰ ਸਿੱਖ ਵਿਆਹ ਐਕਟ ਬਨਾਉਣ ਦੀ ਮੰਗ ਹੀ ਨਹੀਂ ਕੀਤੀ ਤਾਂ ਅਸੀਂ ਕਿਸ ਤਰ੍ਹਾਂ ਵਿਚਾਰ ਸਕਦੇ ਹਾਂ। ਸੱਚਾਈ ਸਾਹਮਣੇ ਆਉਣ ਵਿਚ ਦੇਰੀ ਤਾਂ ਹੋ ਸਕਦੀ ਹੈ ਪਰ ਇਕ ਦਿਨ ਸਾਹਮਣੇ ਜਰੂਰ ਆਵੇਗੀ । ਫਿਰ ਇਤਿਹਾਸ ਇਹਨਾਂ ਸੋਧਪੱਖੀ ਸੁਆਰਥੀਆਂ ਨੂੰ ਕਦੇ ਨਹੀਂ ਬਖਸ਼ੇਗਾ।
ਸਤੰਬਰ 2011 ਨੂੰ ਚੀਫ ਖ਼ਾਲਸਾ ਦੀਵਾਨ ਵਿੱਚ ਹੋਏ ਇਕ ਪ੍ਰਭਾਵਸ਼ਾਲੀ ਸੈਮੀਨਾਰ ਤੋ' ਬਾਅਦ ਦਾਸ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਸੀ ਕਿ ਉਹ ਸੰਪੂਰਨ ਸਿੱਖ ਵਿਆਹ ਦਾ ਖਰੜਾ ਤਿਆਰ ਕਰੇ। ਪਰਵਾਰਿਕ ਕਾਨੂੰਨ ਪੜ੍ਹਾਉਣ ਦੇ 26 ਸਾਲ ਦੇ ਤਜ਼ਰਬੇ ਤੇ 1989 ਵਿਚ ਮੇਰੀ ਪੰਜਾਬੀ ਵਿਚ ਪ੍ਰਕਾਸ਼ਤ ਕਿਤਾਬ 'ਹਿੰਦੂ ਵਿਆਹ ਅਤੇ ਤਲਾਕ ਦਾ ਕਾਨੂੰਨ' ਜਿਸ ਤੇ ਅਨੈਕਸਰ ਵਜੋ' ਆਨੰਦ ਮੈਰਿਜ ਐਕਟ ਵੀ ਜੋੜਿਆ ਗਿਆ ਸੀ ਤੇ ਵਾਹਿਗੁਰੂ ਦੀ ਬਖਸ਼ਸ ਸਦਕਾ ਇਹ ਖਰੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ, ਸ. ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ, ਵੱਖ-ਵੱਖ ਅਹੁਦੇਦਾਰ, ਖ਼ਾਲਸਾ ਕਾਲਜ ਗਵਰਨਿੰਗ ਕੌ'ਸਲ ਦੇ ਪ੍ਰਧਾਨ ਸ. ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਸ. ਰਜਿੰਦਰਮੋਹਨ ਸਿੰਘ ਛੀਨਾ ਅਤੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ 15 ਮਈ 2012 ਨੂੰ ਪੇਸ਼ ਕੀਤਾ, ਜਿਸ ਬਾਰੇ 16 ਮਈ ਦੀਆਂ ਅਖਬਾਰਾਂ ਵਿਚ ਉਸ ਸਮੇ' ਬਣੀ ਰਾਇ ਬਾਰੇ ਲਿਖਿਆ ਗਿਆ। ਮੈ' ਖਰੜਾ ਪੇਸ਼ ਕਰਨ ਸਮੇ' ਸਭ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਵੱਲੋਂ ਤਿਆਰ ਕੀਤਾ ਖਰੜਾ ਅੰਤਿਮ ਨਾ ਸਮਝਿਆ ਜਾਵੇ ਬਲਕਿ ਸਿੱਖ ਵਿਦਵਾਨਾਂ, ਕਾਨੂੰਨਦਾਨਾ, ਧਾਰਮਿਕ ਸ਼ਖਸੀਅਤਾਂ ਤੇ ਬਾਕੀ ਉੱਘੇ ਵਿਦਵਾਨਾਂ ਵੱਲੋਂ ਨੁਕਤਾ-ਬਰ-ਨੁਕਤਾ ਵਿਚਾਰਿਆ ਜਾਵੇ ਅਤੇ ਜੋ ਸਹਿਮਤੀ ਬਣੇ ਉਸ ਤੇ ਅਧਾਰਿਤ ਸੰਪੂਰਨ ਸਿੱਖ ਮੈਰਿਜ ਐਕਟ, ਜਿਸ ਵਿੱਚ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਤੋਂ ਬਾਹਰ ਕੱਢਦੇ ਹੋਏ, ਖਰੜਾ ਤਿਆਰ ਕਰਕੇ ਉਸ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ।
ਇੱਥੇ ਇਕ ਗੱਲ ਹੋਰ ਵੀ ਮਹੱਤਵਪੂਰਨ ਹੈ ਕਿ ਸਿੱਖਾਂ ਨੂੰ ਸਿਰਫ ਹਿੰਦੂ ਮੈਰਿਜ਼ ਐਕਟ ਵਿੱਚੋ' ਬਾਹਰ ਨਿਕਲ ਕੇ ਆਪਣਾ ਸੁਤੰਤਰ 'ਸਿੱਖ ਵਿਆਹ ਐਕਟ' ਤੱਕ ਹੀ ਸੀਮਤ ਨਹੀ' ਰਹਿਣਾ, ਬਲਕਿ ਪਰਸਨਲ ਲਾਅ ਅਧੀਨ ਹਿੰਦੂ ਗੋਦ ਲੈਣ ਤੇ ਗੁਜਾਰਾ ਐਕਟ 1956, ਹਿੰਦੂ ਨਾਬਾਲਗੀ ਅਤੇ ਸਰਪ੍ਰਸਤੀ ਐਕਟ 1956 ਅਤੇ ਹਿੰਦੂ ਉਤਰਾਧਿਕਾਰੀ ਐਕਟ 1956 ਜੋ ਸਿੱਖਾਂ ਤੇ ਵੀ ਲਾਗੂ ਹੁੰਦੇ ਹਨ, ਉਹਨਾਂ ਵਿਚੋਂ ਵੀ ਬਾਹਰ ਨਿਕਲ ਕੇ ਆਪਣਾ ਸਵਤੰਤਰ ਕਾਨੂੰਨ ਬਨਾਉਣਾ ਹੈ।
ਆਖਿਰ ਵਿਚ ਸਿੱਖਾਂ ਲਈ ਜੋ ਇਕੋ ਇਕ ਮਹਤੱਵਪੂਰਨ ਪ੍ਰਾਪਤੀ ਹੋਈ ਹੈ ਉਹ ਸਿੱਖਾਂ ਲਈ ਇਕ ਚੰਗਾ ਸੰਕੇਤ ਹੈ। ਇਸ ਨਵੇਂ ਸੋਧ ਬਿਲ ਤੇ' ਬਹਿਸ ਦੌਰਾਨ ਰਾਜ ਸਭਾ ਅਤੇ ਲੋਕ ਸਭਾ ਵਿਚ ਸ. ਸੁਖਦੇਵ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ ਭੂੰਦੜ, ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਜੋ ਸੰਵਿਧਾਨ ਦੀ ਧਾਰਾ 25 ਵਿਚ ਤਰਮੀਮ ਦੀ ਮੰਗ ਕੀਤੀ ਗਈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਦਾਸ ਨੇ ਵੀ ਆਪਣੇ ਆਰਟੀਕਲ 'ਆਨੰਦ ਮੈਰਿਜ ਐਕਟ ਦਾ ਸੱਚ' ਦੇ ਅਖੀਰ ਵਿਚ ਇਹ ਸਪੱਸ਼ਟ ਕੀਤਾ ਸੀ ਕਿ ਸੰਵਿਧਾਨ ਨੂੰ ਮੁੜ ਘੋਖਣ ਲਈ ਬਣਾਏ ਗਏ ਵੈਂਕਟਚਲਈਆ ਕਮਿਸ਼ਨ ਵੱਲੋਂ ਜਦੋਂ ਇਸ ਧਾਰਾ ਨੂੰ ਹਟਾਉਣ ਦੀ ਤਜਵੀਜ਼ ਕੀਤੀ ਗਈ ਹੈ ਤਾਂ ਇਹ ਦੇਸ਼ ਧਰੋਹੀ ਨਹੀ' ਰਹੀ ਹੈ ਤੇ ਇਸ ਦੀ ਤਰਮੀਮ ਦੀ ਪੁਰਜੋਰ ਮੰਗ ਮੰਨਵਾਉਣਾ ਸਿੱਖਾਂ ਲਈ ਇਕ ਵੱਡੀ ਜਿੱਤ ਹੋਵੇਗੀ।
ਉਪਰੋਕਤ ਸਾਰੇ ਤੱਥਾਂ ਨੂੰ ਮੈਂ ਦੇਸ਼ ਅਤੇ ਵਿਦੇਸ਼ ਵਿਚ ਰਹਿਣ ਵਾਲੇ ਸਿੱਖਾਂ ਦੀ ਕਚਹਿਰੀ ਵਿੱਚ ਇਸ ਸਨਿਮਰ ਬੇਨਤੀ ਨਾਲ ਰੱਖ ਰਿਹਾਂ ਹਾਂ ਕਿ ਉਹ ਕਾਨੂੰਨ ਦੀ ਜਾਣਕਾਰੀ ਰੱਖਣ ਵਾਲੇ ਦੋਸਤਾਂ ਮਿੱਤਰਾਂ ਨਾਲ ਵਿਚਾਰ ਕਰਨ ਤੇ ਫੈਸਲਾ ਕਰਨ ਕਿ ਆਨੰਦ ਮੈਰਿਜ ਐਕਟ, 1909 ਵਿਚ ਨਵੀਂ ਜੋੜੀ ਗਈ ਵਿਆਹ ਦੀ ਰਜਿਸਟਰੇਸ਼ਨ ਵਾਲੀ ਧਾਰਾ 6 ਨਾਲ ਸਿੱਖਾਂ ਨੇ ਕੀ ਖੱਟਿਆ ਤੇ ਕੀ ਗਵਾਇਆ ਹੈ? ਇਹ ਫੈਸਲਾ ਮੈਂ ਤੁਹਾਡੇ 'ਤੇ ਛੱਡ ਰਿਹਾ ਹਾਂ।
ਪ੍ਰੋਫੈਸਰ ਡਾ. ਦਲਜੀਤ ਸਿੰਘ
ਪ੍ਰਿੰਸੀਪਲ, ਖਾਲਸਾ ਕਾਲਜ
ਅੰਮ੍ਰਿਤਸਰ
98145 18877



Imp News





















Saturday, May 19, 2012

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ' ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਲੀਡਰ ਕੀ ਜਾਨਣ ਕਿ ਜਦੋਂ ਕਿਸੇ ਮਾਂ ਦਾ ਪੁੱਤ ਲੋਕਾਂ ਲਈ ਫਾਂਸੀ ਚੜ੍ਹਦਾ ਹੈ ਤਾਂ ਉਸ ਮਾਂ ਉੱਪਰ ਕੀ ਬੀਤਦੀ ਹੋਵੇਗੀ। ਜਿਸਨੇ ਆਪਣੇ ਜਿਗਰ ਦਾ ਟੁਕੜਾ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇ ਅੱਜ ਭਗਤ ਸਿੰਘ ਸਰੀਰਕ ਤੌਰ 'ਤੇ ਜੀਵਿਤ ਇਸ ਅਜੋਕੇ ਭਾਰਤ ਵਿੱਚ ਵਿਚਰ ਰਿਹਾ ਹੁੰਦਾ ਤਾਂ ਸ਼ਾਇਦ ਉਸ ਨੂੰ 'ਮਰਨ' ਲਈ ਵੀ ਥਾਂ ਨਹੀਂ ਸੀ ਲੱਭਣੀ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਰਾਜਭਾਗ ਦੇ ਨਜਾਰੇ ਲੈ ਰਹੇ ਹਨ ਤੇ ਲੋਕਾਂ ਲਈ ਜਿੰਦਗੀਆਂ ਵਾਰਨ ਵਾਲੇ ਬਹੁਤ ਸਾਰੇ ਆਜਾਦੀ ਘੁਲਾਟੀਏ ਅਜੇ ਵੀ ਪੈਨਸ਼ਨਾਂ ਲਗਵਾਉਣ ਲਈ ਸਰਕਾਰੇ ਦਰਬਾਰੇ ਠੇਡੇ ਖਾਂਦੇ ਫਿਰਦੇ ਹਨ। 

ਭਗਤ ਸਿੰਘ ਦੀ ਸੋਚ ਨਾਲ ਖਿਲਵਾੜ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋੜਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ.' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋੜ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾੜ੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫੜਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ 
÷ਲੋਹੜਿਆਂ ਦੇ ਸ਼ਰੀਫ ਹਾਂ, 
ਸਿਰੇ ਦੇ ਲਫੰਗੇ ਹਾਂ। 
ਮਾੜਿਆਂ ਨਾਲ ਮਾੜੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।÷ 

ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋੜ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ। ਜਦੋਂਕਿ ਲੋੜ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪੜ੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ...।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ ÷ਪਰਮਗੁਣੀ ਭਗਤ ਸਿੰਘ÷ ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ.. ਕਿਉਂ? 

ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚੜ੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ। 

ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ 'ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ ÷ ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।÷ ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ...। 
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
Mob.- 0044 (0) 75191 12312
E mail:- khurmi13deep@yahoo.in